ਪੰਜਾਬ ’ਚ ਸ਼ੁਰੂ ਹੋਏ ਝੋਨੇ ਦੀ ਨਾੜ ਨੂੰ ਅੱਗ ਲਾਉਣ ਦੇ ਮਾਮਲੇ, ਮਾਝੇ ਤੋਂ ਹੋਈ ਸ਼ੁਰੂਆਤ

10/02/2023 1:29:00 PM

ਪਟਿਆਲਾ : ਸੂਬੇ 'ਚ ਝੋਨੇ ਦੀ ਵਾਢੀ ਨੇ ਤੇਜ਼ੀ ਫੜ੍ਹ ਲਈ ਹੈ। ਵਾਢੀ ਦੇ ਨਾਲ ਹੀ ਝੋਨੇ ਦੀ ਨਾੜ ਨੂੰ ਅੱਗ ਲਾਉਣ ਦੇ ਮਾਮਲਿਆਂ ਨੇ ਵੀ ਰਫ਼ਤਾਰ ਫੜ ਲਈ ਹੈ। ਸ਼ਨੀਵਾਰ ਦੇ ਦਿਨ ਹੀ ਸੂਬੇ 'ਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਦੀ ਗਿਣਤੀ 80 ਤੋਂ ਪਾਰ ਹੋ ਗਈ। ਜ਼ਿਆਦਾਤਰ ਮਾਮਲੇ ਮਾਝੇ 'ਚ ਦਰਜ ਕੀਤੇ ਗਏ, ਕਿਉਂਕਿ ਇੱਥੇ ਝੋਨੇ ਦੀ ਵਾਢੀ ਬਾਕੀ ਇਲਾਕਿਆਂ ਨਾਲੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ।  30 ਸਤੰਬਰ ਨੂੰ ਹੀ ਪੰਜਾਬ ਦੇ ਰਿਮੋਟ ਸੈਂਸਿੰਗ ਸੈਂਟਰ ਨੇ 81 ਅੱਗ ਦੇ ਮਾਮਲੇ ਰਿਕਾਰਡ ਕੀਤੇ। ਸਾਲ 2021 ਦੇ ਇਸੇ ਦਿਨ 215 ਅਤੇ 2022 'ਚ 8 ਅੱਗ ਲਗਾਉਣ ਦੇ ਮਾਮਲੇ ਦਰਜ ਕੀਤੇ ਗਏ ਸਨ। ਇਕੱਲੇ ਅੰਮ੍ਰਿਤਸਰ 'ਚ ਹੀ 63 ਮਾਮਲੇ ਦਰਜ ਹੋਏ। 15 ਸਤੰਬਰ ਤੋਂ ਹੁਣ ਤੱਕ ਕੁੱਲ ਮਿਲਾ ਕੇ 214 ਖੇਤਾਂ 'ਚ ਅੱਗ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 174 ਸਿਰਫ਼ ਅੰਮ੍ਰਿਤਸਰ 'ਚ ਹੀ ਦੇਖੇ ਗਏ ਹਨ। ਇਸ ਤੋਂ ਬਾਅਦ 13 ਮਾਮਲੇ ਤਰਨਤਾਰਨ 'ਚ ਦੇਖੇ ਗਏ। 

ਖੇਤੀਬਾੜੀ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਅੰਕੜਿਆਂ ਮੁਤਾਬਕ ਖੇਤਾਂ ’ਚ ਅੱਗ ਦੇ ਮਾਮਲੇ ਸਭ ਤੋਂ ਪਹਿਲਾਂ ਅੰਮ੍ਰਿਤਸਰ 'ਚ ਦੇਖੇ ਜਾਂਦੇ ਹਨ ਕਿਉਂਕਿ ਉੱਥੇ ਵਾਢੀ ਸਭ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਬਾਅਦ 'ਚ ਤਰਨਤਾਰਨ ਇਸ ਮਾਮਲੇ 'ਚ ਮਾਝੇ ਦਾ ਮੋਢੀ ਜ਼ਿਲ੍ਹਾ ਬਣ ਜਾਂਦਾ ਹੈ, ਜਿੱਥੇ ਇਸ ਇਲਾਕੇ ਦੇ ਸਭ ਤੋਂ ਵੱਧ ਖੇਤਾਂ 'ਚ ਅੱਗ ਦੇ ਮਾਮਲੇ ਸਾਹਮਣੇ ਆਉਂਦੇ ਹਨ। ਮਾਝੇ 'ਚ ਵਾਢੀ ਸਮੇਂ ਸਿਰ ਹੀ ਹੈ ਪਰ ਮਾਲਵਾ ਇਲਾਕੇ 'ਚ ਹੜ੍ਹ ਆਉਣ ਕਾਰਨ ਝੋਨੇ ਦੀ ਬਿਜਾਈ ਵੀ ਦੇਰ ਨਾਲ ਹੋਈ ਸੀ ਅਤੇ ਵਾਢੀ ਵੀ ਦੇਰ ਨਾਲ ਹੀ ਸ਼ੁਰੂ ਹੋਵੇਗੀ। ਇਸ ਕਾਰਨ ਖੇਤਾਂ 'ਚ ਅੱਗ ਦੇ ਮਾਮਲੇ ਹਰ ਵਾਰ ਮਾਝੇ ਤੋਂ ਹੀ ਸ਼ੁਰੂ ਹੁੰਦੇ ਹਨ। ਇਸ ਸਾਲ 27 ਸਤੰਬਰ ਨੂੰ 21 ਮਾਮਲੇ, 28 ਸਤੰਬਰ ਨੂੰ 33 ਮਾਮਲੇ, 29 ਸਤੰਬਰ ਨੂੰ 68 ਮਾਮਲੇ ਦਰਜ ਕੀਤੇ ਗਏ। 

ਕਮਿਸ਼ਨ ਫਾਰ ਏਅਰ ਕੁਆਲਟੀ ਨੂੰ ਦਿੱਤੀ ਗਈ ਇਕ ਯੋਜਨਾ ਰਿਪੋਰਟ 'ਚ ਪੰਜਾਬ ਸਰਕਾਰ ਨੇ ਇਹ ਯਕੀਨ ਦਿਵਾਇਆ ਹੈ ਕਿ ਇਸ ਸਾਲ ਪਿਛਲੇ ਸਾਲ ਨਾਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ 50 ਫ਼ੀਸਦੀ ਘੱਟ ਹੋਣਗੇ। 2021 'ਚ ਸੂਬੇ 'ਚ 71,000 ਖੇਤਾਂ 'ਚ ਅੱਗ ਦੇ ਮਾਮਲੇ ਦਰਜ ਹੋਏ ਸਨ ਜੋ 2022 'ਚ ਘਟ ਕੇ 49,000 ਤੱਕ ਆ ਗਏ ਸਨ। ਇਸ ਤੋਂ ਇਲਾਵਾ ਸੂਬੇ 'ਚ ਹੁਸ਼ਿਆਰਪੁਰ, ਮਲੇਰਕੋਟਲਾ, ਪਠਾਨਕੋਟ, ਰੂਪਨਗਰ, ਮੋਹਾਲੀ ਅਤੇ ਨਵਾਂਸ਼ਹਿਰ ਨੂੰ ਖੇਤਾਂ ਦੀ ਅੱਗ ਤੋਂ ਰਹਿਤ ਜ਼ਿਲ੍ਹੇ ਐਲਾਨਣ ਦੀ ਵੀ ਚਰਚਾ ਹੋ ਰਹੀ ਹੈ। 

ਪੰਜਾਬ 'ਚ ਲਗਭਗ 31 ਲੱਖ ਹੈਕਟੇਅਰ ਜ਼ਮੀਨ ਝੋਨੇ ਅਧੀਨ ਆਉਂਦੀ ਹੈ, ਜਿਸ ਤੋਂ ਕਰੀਬ 20 ਮਿਲੀਅਨ ਟਨ ਪਰਾਲੀ ਪੈਦਾ ਹੋਣ ਦਾ ਅਨੁਮਾਨ ਹੈ। ਇਸ 'ਚ 3.3 ਮਿਲੀਅਨ ਟਨ ਵਧੀਆ ਕਿਸਮ ਦੀ ਬਾਸਮਤੀ ਵੀ ਸ਼ਾਮਲ ਹੈ। ਇਸ 'ਚੋਂ 11.5 ਮਿਲੀਅਨ ਟਨ ਪਰਾਲੀ ਨੂੰ In-situ ਅਤੇ 4.67 ਮਿਲੀਅਨ ਟਨ ਪਰਾਲੀ ਨੂੰ ex-situ ਤਰੀਕਿਆਂ ਰਾਹੀਂ ਸੰਭਾਲਣ ਦੀ ਯੋਜਨਾ ਬਣਾਈ ਹੈ। ਅਕਤੂਬਰ-ਨਵੰਬਰ ਦੌਰਾਨ ਕਿਸਾਨ ਸਰਦੀਆਂ ਦੀ ਫਸਲ ਲਈ ਵਾਧੂ ਸਮਾਂ ਨਾ ਹੋਣ ਕਾਰਨ ਪਰਾਲੀ ਨੂੰ ਅੱਗ ਲਗਾ ਕੇ ਹੀ ਜਲਦੀ ਨਿਪਟਾਰਾ ਪਾਉਣ ਬਾਰੇ ਸੋਚਦੇ ਹਨ ਜਿਸ ਕਾਰਨ ਖੇਤ ਤਾਂ ਖਾਲੀ ਹੋ ਜਾਂਦੇ ਹਨ, ਪਰ ਹਵਾ ਸਾਹ ਲੈਣ ਯੋਗ ਨਹੀਂ ਰਹਿੰਦੀ। ਇਹ ਸਮੱਸਿਆ ਹਮੇਸ਼ਾ ਉੱਤਰੀ ਸੂਬਿਆਂ 'ਚ ਦੇਖਣ ਨੂੰ ਮਿਲਦੀ ਹੈ। ਇਸ ਹਵਾ ਦਾ ਅਸਰ ਦਿੱਲੀ ਤੱਕ ਦੇਖਣ ਨੂੰ ਮਿਲਦਾ ਹੈ, ਜਿੱਥੇ ਹਵਾ ਦਾ ਕੁਆਲਟੀ ਇੰਡੈਕਸ 450 ਤੋਂ ਵੀ ਪਾਰ ਹੋ ਜਾਂਦਾ ਹੈ। ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਪਰਾਲੀ ਦੇ ਨਿਪਟਾਰੇ ਲਈ ਅੱਗ ਲਗਾ ਕੇ ਖੇਤ ਖਾਲੀ ਕਰਨ ਦੀ ਸੋਚ ਅਪਣਾਉਂਦੇ ਹਨ।

Gurminder Singh

This news is Content Editor Gurminder Singh