ਪੰਜਾਬ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਨੇ ਕਾਰੋਬਾਰੀਆਂ ਦਾ ਤੋੜਿਆ ਲੱਕ

04/21/2021 5:53:03 PM

ਜਲੰਧਰ (ਰਾਹੁਲ ਕਾਲਾ) - ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਨੇ ਕਾਰੋਬਾਰੀਆਂ ਦਾ ਲੱਕ ਤੋੜ ਦਿੱਤਾ ਹੈ। ਰੈਸਟੋਰੈਂਟ, ਢਾਬਾ ਮਾਲਕ ਇਨ੍ਹਾਂ ਪਾਬੰਦੀਆਂ ਨਾਲ ਕਾਫ਼ੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਜਲੰਧਰ ਵਿਚ ਰੈਸਟੋਰੈਂਟ ਮਾਲਕਾਂ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਫੈਸਲਿਆਂ ’ਚ ਥੋੜ੍ਹੀ ਜਿਹੀ ਢਿੱਲ ਦੇਵੇ ਅਤੇ 50 ਫ਼ੀਸਦ ਸਮਰੱਥਾ ਨਾਲ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦੇਵੇ। ਜਲੰਧਰ ਦੇ ਮਾਡਲ ਟਾਊਨ ਸਥਿਤ ਇਕ ਰੈਸਟੋਰੈਂਟ ਮਾਲਕ ਨਾਲ ਜਦੋਂ ‘ਜਗਬਾਣੀ’ ਟੀ. ਵੀ. ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਵੀਆਂ ਸਖ਼ਤੀਆਂ ਨੇ ਕਾਰੋਬਾਰ ਨੂੰ 80 ਫ਼ੀਸਦ ਘਟਾ ਦਿੱਤਾ ਹੈ। ਪਹਿਲਾਂ ਰੈਸਟੋਰੈਂਟ ਵਿਚ ਲੋਕ ਬੈਠ ਕੇ ਖਾਣਾ ਖਾਣ ਲਈ ਆ ਜਾਂਦੇ ਹਨ ਪਰ ਹੁਣ ਨਾ ਤਾਂ ਲੋਕ ਟੇਕਅਵੇ ਲਈ ਪਹੁੰਚ ਰਹੇ ਅਤੇ ਨਾ ਹੀ ਉਨ੍ਹਾਂ ਨੂੰ ਹੋਮ ਡਿਲੀਵਰੀ ਲਈ ਕੋਈ ਫੋਨ ਕਾਲ ਆ ਰਹੀਆਂ ਹਨ।

ਇਹ ਵੀ ਪੜ੍ਹੋ : ਦੋਸ਼ੀਆਂ ਨਾਲ ਕਿਸ ਦੀ ਘਿਓ-ਖਿੱਚੜੀ, ਨਵਜੋਤ ਸਿੱਧੂ ਨੇ ਫਿਰ ਚੁੱਕੇ ਵੱਡੇ ਸਵਾਲ

ਇਸ ਦਾ ਸਿੱਧਾ ਅਸਰ ਰੋਜ਼ਾਨਾਂ ਦੀ ਆਮਦਨ 'ਤੇ ਪੈ ਰਿਹਾ ਹੈ। ਜੇਕਰ ਅਜਿਹੇ ਹਾਲਾਤ ਲਗਾਤਾਰ ਚੱਲੇ ਤਾਂ ਰੈਸਟੋਰੈਂਟ ’ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਨੂੰ ਮਜ਼ਬੂਰਨ ਕੰਮ ਛੱਡ ਕੇ ਵਾਪਸ ਆਪੋ-ਆਪਣੇ ਸੂਬਿਆਂ ਵੱਲ ਜਾਣਾ ਪਵੇਗਾ। ਜਲੰਧਰ ਵਿਚ ਰੋਜ਼ਾਨਾ ਕੋਰੋਨਾ ਵਾਇਰਸ ਦੇ 400 ਤੋਂ ਵੱਧ ਕੇਸ ਆ ਰਹੇ ਹਨ। ਪੰਜਾਬ ਵਿਚ ਵੀ ਪ੍ਰਸਾਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਕੈਪਟਨ ਸਰਕਾਰ ਨੇ ਸੂਬੇ ਵਿਚ ਹੋਰ ਸਖ਼ਤੀਆਂ ਲਾਈਆਂ ਸਨ, ਜਿਸ ਤਹਿਤ 30 ਅਪ੍ਰੈਲ ਤੱਕ ਰੈਸਟੋਰੈਂਟ ਅਤੇ ਢਾਬਾ ਮਾਲਕ ਸਿਰਫ਼ ਟੇਕਅਵੇ ਜਾਂ ਹੋਮ ਡਿਲੀਵਰੀ ਹੀ ਕਰਨ। ਜਦਕਿ ਐਤਵਾਰ ਨੂੰ ਰੈਸਟੋਰੈਂਟ ਮੁਕੰਮਲ ਤੌਰ ’ਤੇ ਬੰਦ ਰਹਿਣਗੇ। ਨਾਈਟ ਫਰਫਿਊ ਦੌਰਾਨ ਵੀ ਸਾਰੇ ਬਾਜ਼ਾਰ ਬੰਦ ਰੱਖੇ ਜਾਣ ਦੇ ਹੁਕਮ ਹਨ।

Gurminder Singh

This news is Content Editor Gurminder Singh