ਮੌਤ ਦਾ ਸਾਮਾਨ ਲੱਦ ਕੇ ਸੜਕਾਂ ''ਤੇ ਦੌੜਦੇ ਨੇ ਓਵਰਲੋਡਿਡ ਵਾਹਨ

11/10/2017 3:31:15 AM

ਨਵਾਂਸ਼ਹਿਰ, (ਤ੍ਰਿਪਾਠੀ)- ਮੌਸਮ 'ਚ ਤਬਦੀਲੀ ਆਉਂਦਿਆਂ ਹੀ ਧੁੰਦ ਨੇ ਆਪਣਾ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਧੁੰਦ ਕਾਰਨ ਹਰ ਸਾਲ ਠੰਡ ਦੇ ਮੌਸਮ 'ਚ ਹਜ਼ਾਰਾਂ ਲੋਕ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ। ਜਿਥੇ ਧੁੰਦ ਦੇ ਰੂਪ 'ਚ ਕੁਦਰਤੀ ਕਹਿਰ ਸੜਕ ਹਾਦਸਿਆਂ ਦਾ ਕਾਰਨ ਬਣਦਾ ਹੈ, ਉਥੇ ਹੀ ਇਨ੍ਹਾਂ ਹਾਦਸਿਆਂ ਦਾ ਮੁੱਖ ਕਾਰਨ ਓਵਰਲੋਡਿਡ ਟਰੱਕ ਤੇ ਟਰਾਲੇ ਹੀ ਬਣਦੇ ਹਨ।
ਲਗਾਤਾਰ ਸੜਕਾਂ 'ਤੇ ਦੌੜਨ ਵਾਲੇ ਵੱਡੇ ਵਾਹਨ ਬਣਦੇ ਹਨ ਹਾਦਸਿਆਂ ਦਾ ਕਾਰਨ
ਮੁੱਖ ਰਸਤਿਆਂ 'ਤੇ ਦੌੜਨ ਵਾਲੇ ਓਵਰਲੋਡਿਡ ਟਰੱਕ ਤੇ ਟਰਾਲੇ ਸੜਕ ਹਾਦਸਿਆਂ ਦਾ ਮੁੱਖ ਕਾਰਨ ਮੰਨੇ ਜਾਂਦੇ ਹਨ। ਇਸ ਸੰਬੰਧ 'ਚ ਸੂਝਵਾਨ ਲੋਕਾਂ ਦਾ ਤਰਕ ਹੈ ਕਿ ਇਹ ਵਾਹਨ ਆਪਣੀ ਮੰਜ਼ਿਲ 'ਤੇ ਜਾਣ ਲਈ ਲਗਾਤਾਰ 24 ਘੰਟੇ ਸੜਕਾਂ 'ਤੇ ਦੌੜਦੇ ਰਹਿੰਦੇ ਹਨ। ਇਨ੍ਹਾਂ ਦੇ ਚਾਲਕਾਂ ਦੀ ਨੀਂਦ ਪੂਰੀ ਨਾ ਹੋਣ ਤੇ ਲਗਾਤਾਰ ਵਾਹਨ ਚਲਾਉਂਦੇ ਰਹਿਣ ਕਾਰਨ ਸੜਕ ਹਾਦਸੇ ਵਾਪਰ ਜਾਂਦੇ ਹਨ। ਟ੍ਰਾਂਸਪੋਰਟਰ ਦੂਰ-ਦੁਰਾਡੇ ਦੇ ਇਲਾਕਿਆਂ 'ਚ ਭੇਜੇ ਜਾਣ ਵਾਲੇ ਵਾਹਨਾਂ 'ਚ ਵਾਧੂ ਚਾਲਕ ਦੀ ਵਿਵਸਥਾ ਨਹੀਂ ਕਰਦੇ। ਇਥੋਂ ਤੱਕ ਕਿ ਬਹੁਤ ਸਾਰੇ ਵਾਹਨਾਂ 'ਚ ਤਾਂ ਕਲੀਨਰ ਨੂੰ ਹੀ ਚਾਲਕਾਂ ਨੂੰ ਆਰਾਮ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਜਿਸ ਕਾਰਨ ਅਨਾੜੀ ਵਾਹਨ ਚਾਲਕ ਤੇ ਲਗਾਤਾਰ ਵਾਹਨ ਚਲਾਉਣ ਕਾਰਨ ਥੱਕੇ ਹਾਰੇ ਚਾਲਕ ਲਾਪ੍ਰਵਾਹੀ ਕਰ ਦਿੰਦੇ ਹਨ।
ਅਧਿਕਾਰੀਆਂ ਦੇ ਡਰੋਂ ਰਾਤੋ-ਰਾਤ ਵਾਹਨ ਲਿਜਾਂਦੇ ਹਨ ਪੰਜਾਬ ਤੋਂ ਬਾਹਰ 
ਇਕ ਟ੍ਰਾਂਸਪੋਰਟਰ ਨੇ ਦੱਸਿਆ ਕਿ ਦੂਜੇ ਸੂਬਿਆਂ 'ਚ ਜਾਣ ਵਾਲੇ ਲੋਡ ਕੀਤੇ ਵਾਹਨਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਪੰਜਾਬ ਦੀ ਸੀਮਾ 'ਤੇ ਝੱਲਣੀ ਪੈਂਦੀ ਹੈ। ਵਿਭਾਗ ਨਾਲ ਸੰਬੰਧਤ ਕਈ ਅਧਿਕਾਰੀਆਂ ਤੇ ਟ੍ਰੈਫਿਕ ਪੁਲਸ ਵੱਲੋਂ ਰੋਕਣ 'ਤੇ ਮੋਟੀ ਰਿਸ਼ਵਤ ਦੇਣੀ ਪੈਂਦੀ ਹੈ, ਜਿਸ ਕਾਰਨ ਆਮ ਤੌਰ 'ਤੇ ਇਹ ਵਾਹਨ ਚਾਲਕ ਰਾਤੋ-ਰਾਤ ਕਿਸੇ ਥਾਂ ਰੁਕੇ ਬਿਨਾਂ ਆਪਣੇ ਵਾਹਨਾਂ ਨੂੰ ਪੰਜਾਬ ਦੀ ਸੀਮਾ ਤੋਂ ਬਾਹਰ ਕੱਢਣਾ ਚਾਹੁੰਦੇ ਹਨ। ਉਨ੍ਹਾਂ ਮੰਨਿਆ ਕਿ ਚਾਲਕਾਂ ਦੀ ਕਮੀ ਕਾਰਨ 10-10 ਦਿਨਾਂ ਵਾਲੇ ਗੇੜੇ 'ਚ ਮਾਲ ਭੇਜਣ ਲਈ ਚਾਲਕਾਂ ਨੂੰ ਇਕਮੁਸ਼ਤ ਰਾਸ਼ੀ ਦਿੱਤੀ ਜਾਂਦੀ ਹੈ। ਰਸਤੇ 'ਚ ਆਰਾਮ ਨਾ ਮਿਲਣ ਤੇ ਵੱਡੇ ਵਾਹਨਾਂ 'ਚ ਵਾਧੂ ਚਾਲਕ ਨਾ ਹੋਣ ਕਾਰਨ ਓਵਰ ਵਰਕਿੰਗ ਹਾਦਸਿਆਂ ਨੂੰ ਜਨਮ ਦਿੰਦੀ ਹੈ।