ਛੋਟੇਪੁਰ ਦੇ ਸਮਰਥਨ ''ਚ ਆਏ ਕੈਪਟਨ ਬੋਲੇ, ''ਪੰਜਾਬ ਦੇ ਪੁੱਤ ਖਿਲਾਫ ਬਾਹਰ ਵਾਲਿਆਂ ਨੇ ਖੇਡੀ ਗੰਦੀ ਚਾਲ''

08/26/2016 11:53:35 AM

ਜਲੰਧਰ : ਇਕ ਸਟਿੰਗ ਆਪਰੇਸ਼ਨ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ''ਚ ਘਿਰੇ ਸੁੱਚਾ ਸਿੰਘ ਛੋਟੇਪੁਰ ਦੀ ''ਆਮ ਆਦਮੀ ਪਾਰਟੀ'' ਦੇ ਪੰਜਾਬ ਕਨਵੀਨਰ ਅਹੁਦੇ ਤੋਂ ਛੁੱਟੀ ਲਗਭਗ ਤੈਅ ਹੈ। ਇਸ ਮਾਮਲੇ ''ਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਛੋਟੇਪੁਰ ਦੇ ਸਮਰਥਨ ''ਚ ਉਤਰ ਆਏ ਹਨ। ਕੈਪਟਨ ਨੇ ਪੰਜਾਬ ਦੀ ਮਿੱਟੀ ਦੇ ਪੁੱਤਰ ਸੁੱਚਾ ਸਿੰਘ ਛੋਟੇਪੁਰ ਖਿਲਾਫ ਗੰਦੀਆਂ ਚਾਲਾਂ ਚੱਲਣ ਵਾਲੇ ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਨਾਲ ਸੰਬੰਧਿਤ ਪਾਰਟੀ ਆਗੂਆਂ ਦੀ ਨਿੰਦਾ ਕੀਤੀ ਹੈ। ਕੈਪਟਨ ਨੇ ਸਟਿੰਗ ਆਪਰੇਸ਼ਨ ਬਾਰੇ ਬੋਲਦਿਆਂ ਕਿਹਾ ਕਿ ਇੰਝ ਲੱਗਦਾ ਹੈ ਜਿਵੇਂ ਇਹ ਸਟਿੰਗ ਪਾਰਟੀ ਦੀ ਅੰਦਰੂਨੀ ਚਾਲਬਾਜ਼ੀ ਦਾ ਹਿੱਸਾ ਹੋਵੇ, ਜਿਸ ਨੂੰ ਬਾਹਰੀ ਆਪ ਆਗੂਆਂ ਨੇ ਯੋਜਨਾ ਬਣਾ ਕੇ ਅੰਜਾਮ ਦਿੱਤਾ ਹੈ।
''ਆਪ'' ਵਲੋਂ ਛੋਟੇਪੁਰ ਨੂੰ ਬਾਹਰ ਦਾ ਰਸਤਾ ਦਿਖਾਉਣ ''ਤੇ ਪ੍ਰਤੀਕਿਰਿਆ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਇਹ ਕੇਜਰੀਵਾਲ, ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਆਸ਼ੀਸ਼ ਖੇਤਾਨ ਵਲੋਂ ਕੀਤੀ ਗਈ ਬਹੁਤ ਸ਼ਰਮਨਾਕ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀਆਂ ਛੋਟੇਪੁਰ ਨਾਲ ਵੱਡੀਆਂ ਸਿਆਸੀ ਦੂਰੀਆਂ ਹਨ ਪਰ ਉਹ ਛੋਟੇਪੁਰ ਦੀ ਈਮਾਨਦਾਰੀ ਅਤੇ ਮਿਹਨਤ ਨੂੰ ਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਅੰਦਰੂਨੀ ਚਾਲਬਾਜ਼ੀ ਦਾ ਸ਼ਿਕਾਰ ਬਣਾਏ ਜਾਣ ਨੂੰ ਉਹ ਚੁੱਪ-ਚਾਪ ਨਹੀਂ ਦੇਖ ਸਕਦੇ। ਕੈਪਟਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਸੰਸਦ ਮੈਂਬਰਾਂ ਧਰਮਵੀਰ ਗਾਂਧੀ ਅਤੇ ਹਰਿੰਦਰ ਖਾਲਸਾ ਨਾਲ ਵੀ ਅਜਿਹਾ ਹੀ ਕੀਤਾ ਸੀ ਅਤੇ ਹੁਣ ਛੋਟੇਪੁਰ ਨਾਲ ਵੀ ਇਹੀ ਸਭ ਕੁਝ ਕਰ ਰਹੇ ਹਨ।

Babita Marhas

This news is News Editor Babita Marhas