ਪਾਣੀ ਵਾਲੀ ਟੂਟੀ ''ਚੋਂ ਜ਼ਿੰਦਾ ਸਪੋਲੀਆ ਨਿਕਲਿਆ

11/06/2017 6:25:40 AM

ਕਪੂਰਥਲਾ, (ਮਲਹੋਤਰਾ)- ਸਥਾਨਕ ਮਾਰਕਫੈੱਡ ਚੌਕ ਦੇ ਨਜ਼ਦੀਕ ਘਰ 'ਚ ਬੀਤੇ ਦਿਨ ਦੇਰ ਰਾਤ ਬਰਤਨ ਸਾਫ ਕਰ ਰਹੀ ਇਕ ਔਰਤ ਤੇ ਉਸਦੇ ਪਰਿਵਾਰ ਨੂੰ ਉਸ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪਾਣੀ ਵਾਲੀ ਟੂਟੀ ਤੋਂ ਅਚਾਨਕ ਕਰੀਬ 4-5 ਇੰਚ ਲੰਬਾ ਜ਼ਿੰਦਾ ਸਪੋਲੀਆ ਨਿਕਲ ਆਇਆ, ਜਿਸ ਨਾਲ ਪੂਰੇ ਖੇਤਰ 'ਚ ਦਹਿਸ਼ਤ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਪ੍ਰੀਤ ਨਗਰ ਵਾਸੀ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਦੋਂ ਉਸਦੇ ਘਰ 'ਚ ਉਸਦੀ ਨੂੰਹ ਕਿਰਨ ਸ਼ਰਮਾ ਬਰਤਨ ਸਾਫ ਕਰ ਰਹੀ ਸੀ ਤਾਂ ਅਚਾਨਕ ਪਾਣੀ ਵਾਲੀ ਟੂਟੀ 'ਚੋਂ ਜ਼ਿੰਦਾ ਸਪੋਲੀਆ ਨਿਕਲਿਆ। ਜੋ ਟੂਟੀ 'ਚੋਂ ਨਿਕਲਦੇ ਹੀ ਭੱਜਣ ਲੱਗਾ। ਜਿਸ ਨੂੰ ਬੋਤਲ 'ਚ ਪਾ ਲਿਆ ਗਿਆ।ਖੇਤਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਖੇਤਰ 'ਚ ਟੂਟੀਆਂ 'ਚੋਂ ਅਚਾਨਕ ਗੰਦਾ ਪਾਣੀ ਆ ਜਾਂਦਾ ਹੈ। ਛੋਟੇ-ਮੋਟੇ ਕੀੜੇ-ਮਕੌੜਿਆਂ ਦਾ ਤਾਂ ਪਾਣੀ 'ਚੋਂ ਨਿਕਲਣਾ ਆਮ ਗੱਲ ਹੈ ਪਰ ਅੱਜ ਕਰੀਬ 4-5 ਇੰਚ ਲੰਬਾ ਸਪੋਲੀਆ ਨਿਕਲਣ ਨਾਲ ਖੇਤਰ ਦੇ ਲੋਕਾਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਨਗਰ ਕੌਂਸਲ ਕਪੂਰਥਲਾ ਦੇ ਪ੍ਰਧਾਨ ਤੇ ਅਧਿਕਾਰੀ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਾਣੀ 'ਚ ਹਰ ਸਮੇਂ ਦਵਾਈ ਪਾਉਣ ਦੀ ਗੱਲ ਕਰਦੇ ਹਨ ਪਰ ਮਾਰਕਫੈੱਡ ਖੇਤਰ 'ਚ ਪਾਣੀ 'ਚ ਸਪੋਲੀਆ ਨਿਕਲਣ ਨਾਲ ਨਗਰ ਕੌਂਸਲ ਦੇ ਸਾਰੇ ਦਾਅਵੇ ਹਵਾ ਹਵਾਈ ਨਜਰ ਆ ਰਹੇ ਹਨ। 
ਖੇਤਰ ਵਾਸੀਆਂ ਨੇ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ।