ਸ਼ੈਲਰ ''ਚੋਂ 125 ਬੋਰੀਆਂ ਝੋਨਾ ਚੋਰੀ

11/20/2017 3:09:40 AM

ਤਪਾ ਮੰਡੀ, (ਸ਼ਾਮ, ਗਰਗ)— ਆਲੀਕੇ ਰੋਡ 'ਤੇ ਸ਼ੈਲਰ ਵਿਚੋਂ ਚੋਰ ਗਿਰੋਹ ਨੇ 125 ਬੋਰੀਆਂ ਝੋਨੇ ਦੀਆਂ ਚੋਰੀ ਕਰ ਲਈਆਂ, ਜਿਸ ਦੀ ਕੀਮਤ ਅੰਦਾਜ਼ਨ 75 ਹਜ਼ਾਰ ਰੁਪਏ ਬਣਦੀ ਹੈ। 
ਐੱਸ. ਐੱਮ. ਏ. ਰਾਈਸ ਮਿੱਲਜ਼ ਆਲੀਕੇ ਰੋਡ ਦੇ ਮਾਲਕ ਨੀਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੈਲਰ 'ਚ ਮਾਰਕਫੈੱਡ ਦਾ ਝੋਨਾ ਲੱਗਾ ਹੋਇਆ ਹੈ। 18-19 ਨਵੰਬਰ ਦੀ ਦਰਮਿਆਨੀ ਰਾਤ ਨੂੰ ਚੋਰ ਸ਼ੈਲਰ ਦੀ ਕੰਧ ਟੱਪ ਕੇ 125 ਬੋਰੀਆਂ ਝੋਨਾ ਚੋਰੀ ਕਰ ਕੇ ਲੈ ਗਏ। ਚੋਰਾਂ ਨੇ 500 ਗਜ਼ ਅੱਗੇ ਜਾ ਕੇ ਵਾਹਨ 'ਚ ਲੱਦੀਆਂ ਬੋਰੀਆਂ ਖਾਲੀ ਕਰ ਕੇ ਢਿੱਲਵਾਂ ਸਾਈਡ ਨੂੰ ਜਾਂਦੀ ਪਹੀ 'ਤੇ ਇਕ ਰਜਬਾਹੇ ਅਤੇ ਖੇਤ 'ਚ ਅੱਗ ਲਾ ਕੇ ਸੁੱਟ ਦਿੱਤੀਆਂ। ਉਨ੍ਹਾਂ ਨੂੰ ਚੋਰੀ ਸਬੰਧੀ ਸਵੇਰ ਸਮੇਂ ਪਤਾ ਲੱਗਾ।
ਤਪਾ ਪੁਲਸ ਦੇ ਐੱਸ. ਐੱਚ. ਓ. ਰਛਪਾਲ ਸਿੰਘ, ਏ. ਐੱਸ. ਆਈ. ਗੁਰਸੇਵਕ ਸਿੰਘ, ਹੌਲਦਾਰ ਗੁਰਮੀਤ ਸਿੰਘ, ਕਾਂਸਟੇਬਲ ਨਵਦੀਪ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਰਾਤ ਸਮੇਂ ਡਿਊਟੀ 'ਤੇ ਹਾਜ਼ਰ ਚੌਕੀਦਾਰ ਜੋਗਿੰਦਰ ਸਿੰਘ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਰਾਤ 2.30 ਵਜੇ ਇਹ ਚੋਰੀ ਹੋਈ ਹੈ ਕਿਉਂਕਿ ਉਸ ਸਮੇਂ ਉਸ ਨੇ ਸਾਰੇ ਸ਼ੈਲਰ ਦਾ ਚੱਕਰ ਲਾ ਕੇ ਚੈੱਕ ਕੀਤਾ ਸੀ। ਮਾਲਕਾਂ ਵੱਲੋਂ ਆਲੇ-ਦੁਆਲੇ ਖਰੀਦ ਕੇਂਦਰਾਂ 'ਚ ਜਾ ਕੇ ਪਤਾ ਕੀਤਾ ਜਾ ਰਿਹਾ ਹੈ ਕਿ ਗਿਰੋਹ ਨੇ ਵੇਚਣ ਲਈ ਖੁੱਲ੍ਹਾ ਝੋਨਾ ਖਰੀਦ ਕੇਂਦਰਾਂ 'ਚ ਤਾਂ ਨਹੀਂ ਸੁੱਟ ਦਿੱਤਾ। ਪੁਲਸ ਨੇ ਸ਼ੈਲਰ ਮਾਲਕਾਂ ਦੀ ਸ਼ਿਕਾਇਤ 'ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 
ਪਹਿਲਾਂ ਵੀ ਹੋ ਚੁੱਕੀਆਂ ਨੇ ਲੁੱਟ-ਖੋਹ ਦੀਆਂ 2 ਵਾਰਦਾਤਾਂ : ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹਿਰ 'ਚ ਲੁੱਟ-ਖੋਹ ਦੀਆਂ 2 ਵਾਰਦਾਤਾਂ ਹੋ ਚੁੱਕੀਆਂ ਹਨ ਪਰ ਪੁਲਸ ਉਨ੍ਹਾਂ ਦਾ ਸੁਰਾਗ ਨਹੀਂ ਲਾ ਸਕੀ, ਜਿਸ ਕਾਰਨ ਸ਼ਹਿਰ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ।