ਓਟ ਸੈਂਟਰ ਬਣ ਰਹੇ ਨੇ ਨਸ਼ੇ ਛੱਡਣ ਵਾਲਿਆਂ ਲਈ ਸਹਾਰਾ

06/23/2018 12:02:14 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪੰਜਾਬ ਸਰਕਾਰ ਵੱਲੋਂ ਅਫ਼ੀਮ, ਹੈਰੋਇਨ ਤੇ ਹੋਰ ਨਸ਼ੇ  ਵਾਲੇ  ਪਦਾਰਥਾਂ ਤੋਂ ਪੀਡ਼ਤਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਉਣ ਲਈ ਸਥਾਪਤ ਕੀਤੇ ਗਏ ਓਟ (ਆਊਟ ਪੇਸ਼ੈਂਟ ਓਪਅਾਡ ਅਸਿਸਟਿਡ ਟ੍ਰੀਟਮੈਂਟ) ਸੈਂਟਰ ਨਸ਼ਿਆਂ ਨੂੰ ਅਲਵਿਦਾ ਕਹਿਣ  ਵਾਲਿਆਂ ਦਾ ਵੱਡਾ ਸਹਾਰਾ ਬਣ ਕੇ ਉਭਰੇ ਹਨ। 
ਨਵਾਂਸ਼ਹਿਰ ਅਤੇ ਬਲਾਚੌਰ ਵਿਖੇ ਕੰਮ ਕਰ ਰਹੇ ਦੋਵਾਂ ਓਟ ਸੈਂਟਰਾਂ ’ਚ ਹੁਣ ਤੱਕ ਨਸ਼ਿਆਂ ਤੋਂ ਕਿਨਾਰਾ ਕਰਨ ਵਾਲੇ 50 ਤੋਂ ਵਧੇਰੇ ਨੌਜਵਾਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਨ੍ਹਾਂ ਹੀ ਨੌਜਵਾਨਾਂ ’ਚੋਂ ਇਕ 38 ਸਾਲਾ ਮਜ਼ਦੂਰੀ ਕਰਨ ਵਾਲਾ ਨੌਜਵਾਨ ਜਿਸ ਨੇ 17 ਮਈ ਨੂੰ ਖੁੱਲ੍ਹੇ ਇਨ੍ਹਾਂ ’ਚੋਂ ਇਕ ਕੇਂਦਰ ਨਵਾਂਸ਼ਹਿਰ ਵਿਖੇ 2 ਦਿਨ ਬਾਅਦ ਰਿਪੋਰਟ ਕੀਤਾ ਸੀ, ਅੱਜ ਬਡ਼ੇ ਮਾਣ ਨਾਲ ਦੱਸਦਾ ਹੈ ਕਿ ਉਸ ਦੀ ਰੋਜ਼ਾਨਾ 10 ਟ੍ਰੈਮਾਡੋਲ ਖਾਣ ਤੇ ਤੰਬਾਕੂ ਖਾਣ ਦੀ ਆਦਤ ਇਸ ਕੇਂਦਰ ਦੇ ਇਲਾਜ ਨੇ ਛੁਡਾ ਦਿੱਤੀ ਹੈ। ਉਹ ਰੋਜ਼ਾਨਾ ਇਥੇ ਦਵਾਈ ਲੈਣ ਆਉਂਦਾ ਹੈ ਅਤੇ ਦੱਸਦਾ ਹੈ ਕਿ ਉਸ ਨੂੰ ਹੁਣ ਨਸ਼ੇ ਦੀ ਤੋਟ ਨਹੀਂ ਲੱਗਦੀ। ਇਕ ਹੋਰ 27 ਸਾਲ ਦਾ ਨੌਜਵਾਨ ਜੋ ਕਿ ਪਹਿਲਾਂ ਰੋਜ਼ਾਨਾ 4 ਵਾਰ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਸੀ, ਪਿਛਲੇ 20 ਦਿਨਾਂ ਤੋਂ ਦਵਾਈ ਲੈਣ ਆ ਰਿਹਾ ਹੈ। ਉਸ ਦਾ ਦਾਅਵਾ ਸੀ ਕਿ ਉਸ ਨੇ ਪਿਛਲੇ ਕਈ ਦਿਨਾਂ ਤੋਂ ਚਿੱਟਾ ਛੂਹਿਆ ਤੱਕ ਨਹੀਂ ਤੇ ਹੁਣ ਬਡ਼ਾ ਖੁਸ਼ ਮਹਿਸੂਸ ਕਰ ਰਿਹਾ ਹੈ। ਸਥਾਨਕ ਪੁਰਾਣੇ ਸਿਵਲ ਹਸਪਤਾਲ ਵਿਖੇ ਕੰਮ ਕਰ ਰਹੇ ਓਟ ਸੈਂਟਰ ਨਵਾਂਸ਼ਹਿਰ ਦੇ ਇੰਚਾਰਜ ਡਾ. ਜਤਿਨ ਭੱਲਾ ਅਨੁਸਾਰ ਜਦੋਂ ਵੀ ਕੋਈ ਮਰੀਜ਼ ਉਨ੍ਹਾਂ ਕੋਲ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਉਹ ਉਨ੍ਹਾਂ ਕੋਲ ਰੈਫ਼ਰ ਕੀਤਾ ਜਾਂਦਾ ਹੈ। ਉਸ ਦਾ ਚੈੱਕਅਪ ਕਰਨ ਬਾਅਦ ਉਸ ਨੂੰ ਯੂਨੀਕ ਆਈ.ਡੀ. ਦੇ ਕੇ ਮੋਰਫ਼ੀਨ ਕਿੱਟ ਨਾਲ ਟੈਸਟ ਕੀਤਾ ਜਾਂਦਾ ਹੈ ਅਤੇ ਪਤਾ ਲਾਇਆ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਨਸ਼ਾ ਕਰ ਰਿਹਾ ਹੈ। ਇਸ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ।   ਸਿਵਲ ਹਸਪਤਾਲ ਬਲਾਚੌਰ ਦੇ ਐੱਸ.ਐੱਮ.ਓ. ਡਾ. ਰਵਿੰਦਰ ਠਾਕੁਰ ਅਨੁਸਾਰ ਇਹ ਸੈਂਟਰ ਆਮ ਦਿਨਾਂ ’ਚ ਸਵੇਰੇ 9 ਤੋਂ ਸ਼ਾਮ 3 ਵਜੇ ਤੱਕ ਅਤੇ ਛੁੱਟੀ ਵਾਲੇ ਦਿਨਾਂ ’ਚ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਕੰਮ ਕਰਦੇ ਹਨ। ਇਲਾਜ  ਕਰਾਉਣ ਵਾਲੇ ਵਿਅਕਤੀ ਨੂੰ ਦਿੱਤਾ ਜਾਂਦਾ ਯੂਨੀਕ ਆਈ.ਡੀ. ਉਸ ਵੱਲੋਂ ਕਿਸੇ ਹੋਰ ਥਾਂ ਜਾਣ ਦੀ ਸੂਰਤ ਵਿਚ ਉੱਥੇ ਸਥਿਤ ਓਟ ਸੈਂਟਰ ਤੋਂ ਦਵਾਈ ਲੈਣ ਲਈ ਵਰਤਿਆ ਜਾ ਸਕਦਾ ਹੈ।