ਚੰਡੀਗੜ੍ਹ ਘੁੰਮਣ ਆਈ ਮਾਸੂਮ ਨੇ ਦੁਨੀਆ ਨੂੰ ਕਿਹਾ ਅਲਵਿਦਾ, ਜਾਂਦੇ-ਜਾਂਦੇ 2 ਪਰਿਵਾਰਾਂ ਨੂੰ ਦੇ ਗਈ ਅਣਮੁੱਲਾ ਤੋਹਫਾ

09/21/2017 11:50:58 AM

ਚੰਡੀਗੜ੍ਹ (ਪਾਲ) : 11 ਸਾਲਾਂ ਦੀ ਮਾਸੂਮ ਤਾਮਰੀਨ ਇਸ ਦੁਨੀਆ 'ਚ ਤਾਂ ਨਹੀਂ ਰਹੀ ਪਰ ਇਸ ਦੁਨੀਆਂ ਤੋਂ ਜਾਂਦੇ-ਜਾਂਦੇ ਉਹ 2 ਲੋਕਾਂ ਨੂੰ ਜ਼ਿੰਦਗੀ ਦਾ ਉਹ ਤੋਹਫਾ ਦੇ ਕੇ ਗਈ, ਜਿਸ ਨੂੰ ਉਹ ਸਾਰੀ ਉਮਰ ਯਾਦ ਰੱਖਣਗੇ। ਉੱਤਰ ਪ੍ਰਧੇਸ਼ ਦੇ ਅਕਰੋਲਾ ਦੀ ਰਹਿਣ ਵਾਲੀ ਤਾਮਰੀਨ 17 ਸਤੰਬਰ ਨੂੰ ਆਪਣੀ ਮਾਸੀ ਕੋਲ ਆਈ ਸੀ। ਇੱਥੇ ਪਹੁੰਚਦੇ ਹੀ ਤਾਮਰੀਨ ਬੱਸ ਤੋਂ ਹੇਠਾਂ ਉਤਰੀ, ਉਸੇ ਸਮੇਂ ਪਿੱਛਿਓਂ ਆ ਰਹੀ ਮਿਨੀ ਬੱਸ ਦੀ ਲਪੇਟ 'ਚ ਆ ਗਈ, ਜਿਸ ਕਾਰਨ ਉਸ ਦੇ ਸਿਰ 'ਚ ਡੂੰਘੀ ਸੱਟ ਲੱਗ ਗਈ। ਹਸਪਤਾਲ 'ਚ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ ਤਾਂ 19 ਸਤੰਬਰ ਨੂੰ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਤਾਮਰੀਨ ਦੇ ਪਿਤਾ ਮੁਤਾਬਕ ਬ੍ਰੇਨ ਡੈੱਡ ਹੋਣ ਤੋਂ ਬਾਅਦ ਵੀ ਉਹ ਉਸ ਨੂੰ ਜਿਊਂਦਾ ਹੀ ਮੰਨ ਰਹੇ ਸਨ ਪਰ ਡਾਕਟਰਾਂ ਦੇ ਸਮਝਾਉਣ 'ਤੇ ਉਨ੍ਹਾਂ ਨੇ ਤਾਮਰੀਨ ਦੇ ਅੰਗਾਂ ਨੂੰ ਦਾਨ ਕਰਨ ਦਾ ਫੈਸਲਾ ਲਿਆ।
ਜ਼ਿੰਦਗੀ ਜਿਊਣ ਦੀ ਜੱਦੋ-ਜਹਿਦ 'ਚੋਂ ਗੁਜ਼ਰ ਰਹੇ 2 ਗੰਭੀਰ ਮਰੀਜ਼ਾਂ ਨੂੰ ਸੋਮਵਾਰ ਨੂੰ ਕਿਡਨੀ ਟਰਾਂਸਪਲਾਂਟ ਕਰਕੇ ਉਨ੍ਹਾਂ ਦੀ ਜਾਨ ਬਚਾ ਲਈ ਗਈ। ਅੰਗਦਾਨ 'ਚ ਦੇਸ਼ ਦੇ ਚੋਣਵੇਂ ਹਸਪਤਾਲਾਂ 'ਚ ਸ਼ਾਮਲ ਪੀ. ਜੀ. ਆਈ। ਇਸ ਸਾਲ ਹੁਣ ਤੱਕ 34 ਬ੍ਰੇਨ ਡੈੱਡ ਮਰੀਜ਼ਾਂ ਦੇ ਅੰਗਦਾਨ ਕਰ ਚੁੱਕਾ ਹੈ। ਤਾਮਰੀਨ ਦੇ ਪਿਤਾ ਯੂਸਫ ਦੀ ਮੰਨੀਏ ਤਾਂ ਉਨ੍ਹਾਂ ਨੇ ਆਪਣੇ ਬੱਚੇ ਦੀ ਮੌਤ ਨੂੰ ਜਾਇਆ ਨਹੀਂ ਜਾਣ ਦਿੱਤਾ। ਉਨ੍ਹਾਂ ਨੂੰ ਸਕੂਨ ਹੈ ਕਿ ਉਨ੍ਹਾਂ ਦੇ ਘਰ ਦੇ ਚਿਰਾਗ ਨੇ ਕਿਸੇ ਹੋਰ ਦੇ ਘਰ ਨੂੰ ਰੌਸ਼ਨ ਕਰ ਦਿੱਤਾ। ਹੁਣ ਤੱਕ ਆਰਗਨ ਟਰਾਂਸਪਲਾਂਟ ਨੂੰ ਸਿਰਫ ਉਹ ਦੇਖਦੇ ਅਤੇ ਸੁਣਦੇ ਹੀ ਆਏ ਸਨ ਪਰ ਕੀ ਪਤਾ ਸੀ ਕਿ ਇਕ ਦਿਨ ਇਸ ਨੂੰ ਮਹਿਸੂਸ ਵੀ ਕਰਨਾ ਪਵੇਗਾ। ਪੀ. ਜੀ. ਆਈ. ਰੋਟੋ ਨੂੰ ਨੋਡਲ ਅਫਸਰ ਡਾ. ਵਿਪਨ ਕੌਸ਼ਨ ਦੀ ਮੰਨੀਏ ਤਾਂ ਮਾਨਵਤਾ ਅਤੇ ਪਰੋਪਕਾਰ ਦੀ ਇਸ ਤੋਂ ਵੱਡੀ ਮਿਸਾਲ ਨਹੀਂ ਹੋ ਸਕਦੀ। ਕਿਸੇ ਇਕ ਬ੍ਰੇਨ ਡੈੱਡ ਮਰੀਜ਼ ਦੇ ਪਰਿਵਾਰ ਦੀ ਹਾਂ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਜਾਂਦੀ ਹੈ।