ਦਿੱਲੀ ਦੌਰੇ 'ਤੇ ਜਾਣ ਵਾਲੇ ਅਫ਼ਸਰਾਂ 'ਤੇ ਲੱਗੀਆਂ ਇਹ ਪਾਬੰਦੀਆਂ, ਜਾਰੀ ਹੋ ਗਏ ਹੁਕਮ

08/09/2023 11:49:41 AM

ਚੰਡੀਗੜ੍ਹ (ਰਾਏ) : ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਦਿੱਲੀ ਜਾਣ ਵਾਲੇ ਅਧਿਕਾਰੀਆਂ ਦੇ ਹਵਾਈ ਸਫ਼ਰ ਅਤੇ ਸਟਾਰ ਹੋਟਲਾਂ 'ਚ ਠਹਿਰਨ ’ਤੇ ਪਾਬੰਦੀ ਲਾ ਦਿੱਤੀ ਹੈ। ਸਲਾਹਕਾਰ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਜ਼ਿੰਮੇਵਾਰ ਅਧਿਕਾਰੀ ਹੋਣ ਦੇ ਨਾਤੇ ਇਹ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਜਨਤਾ ਦੇ ਪੈਸੇ ਦੀ ਬਰਬਾਦੀ ਨਾ ਹੋਵੇ ਅਤੇ ਫਜ਼ੂਲ-ਖ਼ਰਚੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਾ ਕੀਤਾ ਜਾਵੇ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਖ਼ਰਚੇ ਸਬੰਧੀ ਇਕ ਖ਼ਬਰ ਉਨ੍ਹਾਂ ਦੇ ਧਿਆਨ 'ਚ ਲਿਆਂਦੀ ਗਈ।

ਇਹ ਵੀ ਪੜ੍ਹੋ : ਪਤੀ ਨਾਲ ਲੜ ਕੇ ਆਈ ਔਰਤ ਚੜ੍ਹ ਗਈ ਬੇਗਾਨੇ ਬੰਦੇ ਦੇ ਹੱਥੇ, ਵਿਚੋਲਣ ਖੇਡ ਗਈ ਗੰਦੀ ਖੇਡ

ਇਸ 'ਚ ਕਿਹਾ ਗਿਆ ਹੈ ਕਿ ਅਧਿਕਾਰੀ ਦਿੱਲੀ ਦੇ ਪੰਜ ਤਾਰਾ ਹੋਟਲਾਂ 'ਚ ਠਹਿਰੇ ਸਨ ਅਤੇ ਵਪਾਰਕ ਉਡਾਣਾਂ 'ਚ ਬਿਜ਼ਨੈੱਸ ਕਲਾਸ 'ਚ ਸਫ਼ਰ ਕਰਦੇ ਸਨ। ਮੌਜੂਦਾ ਹਾਲਾਤ ’ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਹੁਣ ਤੋਂ ਦਿੱਲੀ ਲਈ ਹਵਾਈ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦਿੱਲੀ ਜਾਣ ਵਾਲੇ ਸਾਰੇ ਅਧਿਕਾਰੀ ਸ਼ਤਾਬਦੀ ਅਤੇ ਵੰਦੇ ਭਾਰਤ ਟਰੇਨਾਂ ਰਾਹੀਂ ਯਾਤਰਾ ਕਰਨਗੇ। ਇਸ ਤੋਂ ਇਲਾਵਾ ਅਧਿਕਾਰੀ ਯੂ. ਟੀ. ਗੈਸਟ ਹਾਊਸ, ਪੰਜਾਬ ਭਵਨ ਜਾਂ ਹਰਿਆਣਾ ਭਵਨ 'ਚ ਠਹਿਰਨਗੇ, ਨਾ ਕਿ ਕਿਸੇ ਸਟਾਰ ਹੋਟਲ 'ਚ।

ਇਹ ਵੀ ਪੜ੍ਹੋ : 'ਪੰਜਾਬ ਬੰਦ' ਦੀ ਕਾਲ ਦੌਰਾਨ ਤੁਹਾਡੇ ਮਤਲਬ ਦੀ ਹੈ ਇਹ ਖ਼ਬਰ, ਸਿਰਫ ਇਨ੍ਹਾਂ ਸੇਵਾਵਾਂ ਨੂੰ ਮਿਲੇਗੀ ਛੋਟ
21 ਦਿਨ ਦੇ ਟੂਰ-ਟ੍ਰੈਵਲ ’ਤੇ ਖ਼ਰਚ ਕੀਤੇ 15 ਲੱਖ 92 ਹਜ਼ਾਰ 873 ਰੁਪਏ 
ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ 2 ਸਾਲ ਦੇ ਕਾਰਜਕਾਲ ਦੌਰਾਨ ਹੀ 121 ਦਿਨ ਦਾ ਟੂਰ-ਟ੍ਰੈਵਲ ਕੀਤਾ। ਇਸ ’ਤੇ 15 ਲੱਖ 92 ਹਜ਼ਾਰ 873 ਰੁਪਏ ਦੀ ਭਾਰੀ ਭਰਕਮ ਰਾਸ਼ੀ ਖ਼ਰਚ ਕੀਤੀ ਗਈ। ਇਹੀ ਨਹੀਂ, ਸਾਬਕਾ ਸਲਾਹਕਾਰ ਮਨੋਜ ਕੁਮਾਰ ਪਰਿਦਾ ਵੀ ਟੂਰ-ਟ੍ਰੈਵਲ ਦੇ ਖ਼ਰਚੇ ਵਿਚ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 125 ਦਿਨ ਟੂਰ-ਟ੍ਰੈਵਲ ’ਤੇ ਲਾਏ, ਜਿਨ੍ਹਾਂ ’ਤੇ 9 ਲੱਖ, 37 ਹਜ਼ਾਰ, 953 ਰੁਪਏ ਦਾ ਖ਼ਰਚਾ ਕੀਤਾ। ਹੈਰਾਨੀ ਵਾਲਾ ਤੱਥ ਇਹ ਹੈ ਕਿ ਪਰਿਦਾ ਦੇ ਸਮੇਂ ਵਿਚ ਕਾਫ਼ੀ ਸਮੇਂ ਤਾਂ ਕੋਵਿਡ ਦਾ ਪੀਰੀਅਡ ਰਿਹਾ। ਇਸ ਦੌਰਾਨ ਦੂਜੀ ਜਗ੍ਹਾ ਆਉਣ-ਜਾਣ ’ਤੇ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਪਾਬੰਦੀਆਂ ਸਨ। ਉਨ੍ਹਾਂ ਤੋਂ ਪਹਿਲਾਂ ਪਰਿਮਲ ਰਾਏ ਵੀ ਟੂਰ-ਟ੍ਰੈਵਲ ’ਤੇ ਖ਼ਰਚ ਕਰਨ ਵਿਚ ਪਿੱਛੇ ਨਹੀਂ ਰਹੇ। ਪਰਿਮਲ ਨੇ 17 ਅਪ੍ਰੈਲ, 2018 ਤੋਂ ਦਸੰਬਰ, 2018 ਤੱਕ ਕਰੀਬ ਸਾਢੇ ਅੱਠ ਮਹੀਨਿਆਂ ਵਿਚ ਹੀ 131 ਦਿਨ ਜੰਮ ਕੇ ਟੂਰ-ਟ੍ਰੈਵਲ ਕੀਤਾ। ਇਸ ’ਤੇ 15 ਲੱਖ 56 ਹਜ਼ਾਰ 267 ਰੁਪਏ ਦੀ ਰਾਸ਼ੀ ਖ਼ਰਚ ਕੀਤੀ। ਇਹੀ ਨਹੀਂ, ਇਨ੍ਹਾਂ ਅਫ਼ਸਰਾਂ ਨਾਲ ਟ੍ਰੈਵਲ ਕਰਨ ਵਾਲੇ ਡਰਾਈਵਰਾਂ ਅਤੇ ਹੋਰ ਮੁਲਾਜ਼ਮਾਂ ਨੇ ਵੀ ਚੰਗੀ ਖਾਸੀ ਰਕਮ ਦਫ਼ਤਰਾਂ ਤੋਂ ਹਾਸਲ ਕੀਤੀ। ਇੱਥੇ ਦੱਸ ਦੇਈਏ ਕਿ ਜਿਨ੍ਹਾਂ ਵਿਭਾਗਾਂ ਦਾ ਚਾਰਜ ਇਨ੍ਹਾਂ ਅਧਿਕਾਰੀਆਂ ਕੋਲ ਹੈ, ਇਹ ਉੱਥੋਂ ਦਾ ਖ਼ਰਚ ਨਹੀਂ ਹੈ। ਉੱਥੋਂ ਦੇ ਟੂਰ ਟ੍ਰੈਵਲ ’ਤੇ ਦਿਖਾਏ ਗਏ ਖ਼ਰਚੇ ਇਸ ਤੋਂ ਵੱਖਰੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita