ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਪਲਾਈ ਕਰਨ ਦਾ ਮੌਕਾ

01/18/2018 1:37:52 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਜ਼ਿਲਾ ਭਲਾਈ ਅਫ਼ਸਰ ਜਗਮੋਹਨ ਸਿੰਘ ਮਾਨ ਨੇ ਦੱਸਿਆ ਹੈ ਕਿ ਭਲਾਈ ਵਿਭਾਗ ਪੰਜਾਬ ਵਲੋਂ ਲਾਗੂ ਕੀਤੀ ਜਾਂਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਜਿਹੜੇ ਵਿਦਿਆਰਥੀ ਸਾਲ 2017-18 ਦੌਰਾਨ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ 'ਤੇ ਆਨਲਾਈਨ ਵਜੀਫ਼ਾ ਅਪਲਾਈ ਕਰਨ ਤੋਂ ਕਿਸੇ ਕਾਰਨ ਵਾਂਝੇ ਰਹਿ ਗਏ ਸਨ, ਉਨ੍ਹਾਂ ਲਈ ਸਰਕਾਰ ਵਲੋ ਪੋਰਟਲ ਦੁਬਾਰਾ ਖੋਲੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਸ: ਮਾਨ ਨੇ ਦੱਸਿਆ ਕਿ ਨਵੀਂ ਜਾਰੀ ਕੀਤੀ ਸਾਰਣੀ ਦੌਰਾਨ ਹਰ ਪੱਧਰ 'ਤੇ ਭਾਵ ਵਿਦਿਆਰਥੀ, ਵਿਦਿਅਕ ਸੰਸਥਾ, ਸੈਕਸ਼ਨਿੰਗ ਅਥਾਰਟੀ ਅਤੇ ਲਾਈਨ ਵਿਭਾਗ ਦੀਆਂ ਸੇਵਾਵਾਂ ਪੋਰਟਲ 'ਤੇ ਖੁੱਲ੍ਹੀਆਂ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਪਹਿਲਾਂ ਮੌਕਾ ਖੁੰਝਾ ਗਏ ਯੋਗ ਵਿਦਿਆਰਥੀ 22 ਜਨਵਰੀ ਤੋਂ 25 ਜਨਵਰੀ 2018 ਤੱਕ ਵਜੀਫ਼ਾ ਸਕੀਮ ਅਧੀਨ ਆਨਲਾਈਨ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਪਲਾਈ ਕਰਨ ਲਈ ਪਹਿਲਾਂ ਨਿਰਧਾਰਤ ਕੀਤੀਆਂ ਸ਼ਰਤਾਂ ਲਾਗੂ ਰਹਿਣਗੀਆਂ। ਯੋਗ ਵਿਦਿਆਰਥੀ ਵਲੋਂ, ਸਿਵਾਏ ਐਮ. ਬੀ. ਬੀ. ਐਸ. ਅਤੇ ਬੀ. ਡੀ. ਐਸ ਕੋਰਸਾਂ ਦੇ, ਚਾਲੂ ਸਾਲ ਦਾ ਬੋਰਡ/ਯੂਨੀਵਰਸਿਟੀ ਦਾ ਦਾਖ਼ਲਾ ਕਾਰਡ ਜਾਂ ਰਜਿਸਟਰੇਸ਼ਨ ਕਾਰਡ ਜਾਂ ਸਮੈਸਟਰ ਦੇ ਨਤੀਜੇ ਦੀ ਸਕੈਨਡ ਕਾਪੀ ਅਪਲੋਡ ਕਰਨੀ ਜ਼ਰੂਰੀ ਹੋਵੇਗੀ। 
ਇਹ ਮੌਕਾ ਡਾਇਰੈਕਟਰ, ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ, ਭਲਾਈ ਵਿਭਾਗ ਪੰਜਾਬ ਵਲੋਂ ਲਾਗੂ ਕੀਤੀਆਂ ਜਾਂਦੀਆਂ ਕੇਂਦਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਐਸ. ਸੀ. ਅਤੇ ਓ. ਬੀ. ਸੀ. ਸਕੀਮਾਂ ਤਹਿਤ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਵਿਦਿਆਰਥੀ ਵਲੋਂ ਮਿਤੀ 15 ਜਨਵਰੀ ਤੱਕ ਦੀ ਆਪਣੀ ਹਾਜ਼ਰੀ ਦੀ ਸਕੈਨਡ ਕਾਪੀ, ਜਿਸ ਸੰਸਥਾ ਵਿਚ ਉਹ ਪੜ੍ਹਾਈ ਕਰ ਰਿਹਾ ਹੈ ਉਸ ਦੇ ਮੁਖੀ ਤੋਂ ਤਸਦੀਕ ਕਰਵਾਕੇ, ਅਪਲੋਡ ਕਰਵਾਉਣੀ ਜ਼ਰੂਰੀ ਹੋਵੇਗੀ।