ਮਿਲਾਵਟੀ ਖਾਦ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਚਲਾਈ ਮੁਹਿੰਮ

11/19/2017 6:46:09 AM

ਕਪੂਰਥਲਾ, (ਮਲਹੋਤਰਾ)- ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਤੇ ਪ੍ਰਿੰਸੀਪਲ ਸਚਿਨ ਅੰਜਲੀ ਭਾਵਰਾ ਦੇ ਹੁਕਮਾਂ 'ਤੇ ਮਿਲਾਵਟੀ ਖਾਦ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸਹਾਇਕ ਫੂਡ ਕਮਿਸ਼ਨਰ ਹਰਜੋਤਪਾਲ ਸਿੰਘ ਤੇ ਫੂਡ ਸੇਫਟੀ ਅਧਿਕਾਰੀ ਸਤਨਾਮ ਸਿੰਘ ਨੇ ਆਪਣੀ ਟੀਮ ਸਮੇਤ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਜਾ ਕੇ ਖਾਣ-ਪੀਣ ਵਾਲੇ ਸਾਮਾਨ ਦੇ ਨਮੂਨੇ ਲਏ। 
ਜਾਣਕਾਰੀ ਅਨੁਸਾਰ ਸਹਾਇਕ ਫੂਡ ਕਮਿਸ਼ਨਰ ਹਰਜੋਤ ਸਿੰਘ ਤੇ ਸਤਨਾਮ ਸਿੰਘ ਨੇ ਟੀਮ ਸਮੇਤ ਮਾਲ ਰੋਡ, ਬੱਸ ਸਟੈਂਡ, ਅੰਮ੍ਰਿਤਸਰ ਰੋਡ, ਸ਼ਾਲੀਮਾਰ ਬਾਗ ਆਦਿ ਖੇਤਰ 'ਚ ਜਾ ਕੇ ਵੱਖ-ਵੱਖ ਦੁਕਾਨਾਂ 'ਤੇ ਚੈਕਿੰਗ ਕੀਤੀ। ਉਨ੍ਹਾਂ ਦੁਕਾਨਾਂ ਤੋਂ ਦਾਲ ਮੱਖਣੀ, ਚਟਨੀ, ਬਰਗਰ ਆਦਿ ਦੇ ਸੈਂਪਲ ਭਰੇ। ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਖੇਤਰ ਦੇ ਲੋਕਾਂ ਦੀਆਂ ਕਾਫੀ ਸਮੇਂ ਤੋਂ ਸ਼ਹਿਰ 'ਚ ਮਿਲਾਵਟੀ ਸਾਮਾਨ ਵੇਚਣ ਨੂੰ ਲੈ ਕੇ ਸ਼ਿਕਾਇਤਾਂ ਆ ਰਹੀਆਂ ਸਨ। ਇਸੇ ਦੌਰਾਨ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ ਖਾਣ ਵਾਲੇ ਸਾਮਾਨ ਦੇ ਸੈਂਪਲ ਭਰਨ ਦੇ ਹੁਕਮ ਦਿੱਤੇ ਗਏ ਸਨ, ਜਿਸ ਕਾਰਨ ਵੱਖ-ਵੱਖ ਖੇਤਰਾਂ 'ਚੋਂ ਨਮੂਨੇ ਲਏ ਗਏ। 
ਸਹਾਇਕ ਕਮਿਸ਼ਨਰ ਹਰਜੋਤਪਾਲ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਹੋਟਲ ਤੇ ਢਾਬਿਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ  ਉਹ ਲੋਕਾਂ ਨੂੰ ਉੱਚ ਕੁਆਲਿਟੀ ਦਾ ਭੋਜਨ ਮੁਹੱਈਆ ਕਰਵਾਉਣ। ਉਨ੍ਹਾਂ ਦੱਸਿਆ ਕਿ ਭਰੇ ਗਏ ਨਮੂਨੇ ਨੂੰ ਟੈਸਟਿੰਗ ਲਈ ਖਰੜ ਦੀ ਲੈਬ 'ਚ ਭੇਜਿਆ ਜਾਵੇਗਾ ਤੇ ਨੈਗੇਟਿਵ ਰਿਪੋਰਟ ਆਉਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।