ਖੁੱਲ੍ਹ ਗਏ ਬਾਜ਼ਾਰ, ਜੰਮ ਕੇ ਹੋਈ ਸ਼ਾਪਿੰਗ

04/20/2018 3:46:49 AM

ਫਗਵਾੜਾ, (ਜਲੋਟਾ)— ਜਾਤੀ ਹਿੰਸਾ ਦਾ ਕੇਂਦਰ ਬਣੇ ਫਗਵਾੜਾ ਵਿਚ ਅੱਜ ਪੁਲਸ ਛਾਉਣੀ ਦੇ ਬਣੇ ਹੋਏ ਨਜ਼ਾਰੇ ਵਿਚ ਪੂਰਾ ਦਿਨ ਰੋਜ਼ਾਨਾ ਵਾਂਗ ਅਮਨ ਸ਼ਾਂਤੀ ਦੇ ਨਾਲ ਗੁਜ਼ਰਿਆ। ਇਸੇ ਦੌਰਾਨ ਸਾਰੇ ਮੁੱਖ ਬਾਜ਼ਾਰਾਂ ਵਿਚ ਰੋਜ਼ਾਨਾ ਦੀ ਤਰ੍ਹਾਂ ਹੀ ਖੁੱਲ੍ਹੇ ਅਤੇ ਕਈ ਦਿਨਾਂ ਦੇ  ਬਾਅਦ ਦੁਕਾਨਾਂ 'ਤੇ ਗਾਹਕਾਂ ਦੀ ਆਮਦ ਵਿਚ ਵੀ ਤੇਜ਼ੀ ਰਹੀ। ਇਸੇ ਤਰ੍ਹਾਂ ਸ਼ਹਿਰ ਦੇ ਸਾਰੇ ਸਕੂਲ ਅਤੇ ਮੁੱਖ ਵਿੱਦਿਅਕ ਸੰਸਥਾਵਾਂ ਖੁੱਲ੍ਹੀਆਂ ਰਹੀਆਂ। ਇਸੇ ਦਰਮਿਆਨ ਫਗਵਾੜਾ ਵਿਚ ਅੱਜ ਦਿਨ ਭਰ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨਾਲ ਸਬੰਧਤ ਅਨੇਕਾਂ ਸ਼ਖਸੀਅਤਾਂ ਨੇ ਸੋਸ਼ਲ ਮੀਡੀਆ 'ਤੇ ਫਗਵਾੜਾ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਜਾਰੀ ਕਰ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਸ਼ਲਾਘਾਯੋਗ ਪਹਿਲ ਜਾਰੀ ਰੱਖੀ।
ਸੋਸ਼ਲ ਮੀਡੀਆ 'ਤੇ ਕਈ ਫਗਵਾੜਾ ਵਾਸੀਆਂ ਨੇ ਤਾਂ ਬਾਕਾਇਦਾ ਮੈਸੇਜ ਟਾਈਪ ਕਰ ਕੇ ਲੋਕਾਂ ਨੂੰ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿ ਕੇ ਸ਼ਹਿਰ ਵਿਚ ਅਮਨ ਸ਼ਾਂਤੀ ਦੀ ਸਥਾਪਨਾ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਆ ਅਤੇ ਉਤਸ਼ਾਹਿਤ ਕੀਤਾ। 
ਉਥੇ ਹੀ ਫਗਵਾੜਾ ਵਿਚ ਅੱਜ ਲਗਾਤਾਰ 6ਵੇਂ ਦਿਨ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ, ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ  ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠਕਾਂ ਦਾ ਦੌਰ ਜਾਰੀ ਰੱਖਦੇ ਹੋਏ ਤਾਜ਼ਾ ਹਾਲਾਤ ਦਾ ਜਾਇਜ਼ਾ ਲਿਆ। ਸ਼ਹਿਰ ਵਿਚ ਅਮਨ ਸ਼ਾਂਤੀ ਅਤੇ ਲੋਕਾਂ ਦੇ ਦਿਲਾਂ ਵਿਚ ਛਾਏ ਹੋਏ ਡਰ ਅਤੇ ਖੌਫ ਨੂੰ ਦੂਰ ਕਰਨ ਦੇ ਉਦੇਸ਼ ਨਾਲ ਰੈਪਿਡ ਐਕਸ਼ਨ ਫੋਰਸ, ਆਈ. ਆਰ. ਬੀ., ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੇ ਵੱਡੇ ਦਸਤਿਆਂ ਨੇ ਹੂਟਰ ਵਜਾਉਂਦੇ ਹੋਏ ਪੁਲਸ ਵਾਹਨਾਂ ਵਿਚ ਸਵਾਰ ਹੋ ਕੇ ਸ਼ਹਿਰ ਵਿਚ ਫਲੈਗ ਮਾਰਚ ਦਾ ਦੌਰ ਜਾਰੀ ਰੱਖਿਆ। ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਅਤੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਅੱਜ ਫਿਰ ਕਿਹਾ ਕਿ ਫਗਵਾੜਾ ਵਿਚ ਦੁਕਾਨਦਾਰ, ਵਪਾਰੀ ਅਤੇ ਸਾਰੇ ਵਰਗਾਂ ਦੇ ਲੋਕ ਬੇਖੌਫ ਹੋ ਕੇ ਆਪਣੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਆਦਿ ਰੋਜ਼ਾਨਾ ਵਾਂਗ ਖੋਲ੍ਹਣ। ਪੁਲਸ ਅਤੇ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤਤਪਰ ਰਹੇਗਾ। ਇਸ ਤੋਂ ਇਲਾਵਾ ਫਗਵਾੜਾ ਵਿਚ ਅਮਨ ਸ਼ਾਂਤੀ ਸਥਾਪਿਤ ਕਰਨ ਦੇ ਉਦੇਸ਼ ਨਾਲ ਧਾਰਾ 144 ਦੇ ਤਹਿਤ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਫਗਵਾੜਾ ਵਿਚ ਕਈ ਅਹਿਮ ਫੈਸਲੇ ਲਏ ਗਏ, ਜਿਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।