ਲਾਕਡਾਊਨ ''ਚ ਆਨਲਾਈਨ ਜੂਏ ਦਾ ਗੋਰਖਧੰਦਾ ਜ਼ੋਰਾਂ ''ਤੇ

04/29/2020 3:48:45 PM

ਲੁਧਿਆਣਾ (ਜ.ਬ.) : ਨੋਵਿਲ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਲੈ ਕੇ ਕੀਤੇ ਗਏ ਲਾਕਡਾਊਨ ਦੌਰਾਨ ਮਹਾਨਗਰ ਵਿਚ ਆਨਲਾਈਨ ਜੂਆ ਖੇਡਣ ਵਾਲਿਆਂ ਦੀ ਭਰਮਾਰ ਹੋ ਗਈ ਹੈ। ਇਹ ਜੂਆ ਆਨਲਾਈਨ ਲੁੱਡੋ ਰਾਹੀਂ ਖੇਡਿਆ ਜਾ ਰਿਹਾ ਹੈ। ਇਸ ਵਿਚ ਜੂਏ ਦੀ ਰਾਸ਼ੀ ਮਹਾਨਗਰ ਵਿਚ ਕਰੋੜਾਂ ਰੁਪਏ ਦੇ ਹਿਸਾਬ ਨਾਲ ਦੱਸੀ ਜਾ ਰਹੀ ਹੈ। ਪੁਲਸ ਵੀ ਕੇਸ 'ਤੇ ਕੜੀ ਨਜ਼ਰ ਰੱਖ ਰਹੀ ਹੈ। ਇਸ ਕੇਸ ਵਿਚ ਸ਼ਿਵਪੁਰੀ ਇਲਾਕੇ ਦੇ ਕੋਲ ਰਹਿਣ ਵਾਲੇ ਇਕ ਨੌਜਵਾਨ ਅਤੇ ਜੰਮੂ ਦਾ ਇਕ ਨੌਜਵਾਨ ਬੇਹੱਦ ਸਰਗਰਮ ਹਨ, ਜਿਨ੍ਹਾਂ ਨੇ ਵਟਸਐਪ 'ਤੇ ਗਰੁੱਪ ਬਣਾਏ ਹੋਏ ਹਨ, ਜਿਸ ਵਿਚ ਕਿਸੇ ਵਿਸ਼ੇਸ਼ ਤਰ੍ਹਾਂ ਦੀ ਗਾਰੰਟੀ ਲੈ ਕੇ ਕਿਸੇ ਵੀ ਵਿਅਕਤੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਹੁਣ ਤੱਕ ਇਸ ਗਿਰੋਹ ਦਾ ਭਾਂਡਾ ਨਾ ਭੱਜਣ ਕਾਰਨ ਇਹ ਵੀ ਹੈ ਕਿ ਦਿਖਣ ਵਿਚ ਇਹ ਆਮ ਲੁੱਡੋ ਦੀ ਖੇਡ ਖੇਡੀ ਜਾ ਰਹੀ ਹੈ ਪਰ ਇਸ ਦੀ ਹਰ ਚਾਲ 'ਤੇ ਹਜ਼ਾਰਾਂ ਲੱਖਾਂ ਰੁਪਏ ਦੀ ਰਾਸ਼ੀ ਦਾਅ 'ਤੇ ਲਾਏ ਜਾਂਦੇ ਹਨ। ਇਸ ਸਮੇਂ 2 ਗਰੁੱਪ ਬਹੁਤ ਚਰਚਾ ਵਿਚ ਹਨ। ਇਕ ਗਰੁੱਪ ਵਿਚ 15 ਤੋਂ 20 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਗੇਮ ਸ਼ੁਰੂ ਕਰਨ ਤੋਂ ਪਹਿਲਾਂ ਗਰੁੱਪ ਵਿਚ ਮੈਸੇਜ ਪਾਇਆ ਜਾਂਦਾ ਹੈ। 

ਇਹ ਵੀ ਪੜ੍ਹੋ : ਦੇਹ ਵਪਾਰ ਦਾ ਧੰਦਾ ਚਲਾਉਣ ਵਾਲੀ ਔਰਤ ਗ੍ਰਿਫਤਾਰ 

ਇਸ ਤੋਂ ਬਾਅਦ ਲੁੱਡੋ ਦੀ ਗੇਮ ਖੇਡਣ ਲਈ ਕੋਡ ਭੇਜਿਆ ਜਾਂਦਾ ਹੈ, ਜੋ ਖੇਡਣ ਦਾ ਚਾਹਵਾਨ ਹੁੰਦਾ ਹੈ, ਉਹ ਇਹ ਕੋਡ ਭਰ ਕੇ ਮੋਬਾਇਲ ਦੀ ਸਕ੍ਰੀਨ ਦੇ ਮੈਦਾਨ ਵਿਚ ਆ ਜਾਂਦਾ ਹੈ। ਇਸ ਤੋਂ ਬਾਅਦ ਦਾਅ ਦੀ ਰਾਸ਼ੀ ਲਾਈ ਜਾਂਦੀ ਹੈ ਜੋ ਕਿ ਕਦੇ ਹਜ਼ਾਰਾਂ ਤਾਂ ਕਦੇ ਲੱਖਾਂ ਰੁਪਏ ਵਿਚ ਹੁੰਦੀ ਹੈ। ਗੇਮ ਨੂੰ 4 ਵਿਅਕਤੀ ਖੇਡਦੇ ਹਨ। ਜੋ ਗੇਮ ਜਿੱਤਦਾ ਹੈ, ਉਸ ਦੇ ਖਾਤੇ ਵਿਚ ਹਾਰੇ ਗਏ ਤਿੰਨੇ ਵਿਅਕਤੀ ਆਪਣੇ-ਆਪਣੇ ਹਿੱਸੇ ਦੇ ਪੈਸੇ ਟ੍ਰਾਂਸਫਰ ਕਰਦੇ ਹਨ, ਜਦੋਂਕਿ ਜਿੱਤੀ ਗਈ ਰਕਮ ਵਿਚੋਂ 5 ਟਕਾ ਐਡਮਿਨ ਦੇ ਕੋਲ ਚਲਾ ਜਾਂਦਾ ਹੈ। ਇਹ ਰਾਸ਼ੀ ਪੇਟੀਐੱਮ., ਗੂਗਲ ਜਾਂ ਹੋਰ ਮੋਬਾਇਲ ਐਪ ਰਾਹੀਂ ਇਧਰੋਂ ਉੱਧਰ ਪਹੁੰਚਾਈ ਜਾਂਦੀ ਹੈ।

Anuradha

This news is Content Editor Anuradha