ਪਿਆਜ ਨੇ ਕਢਵਾਏ ਲੋਕਾਂ ਦੇ ਹੰਝੂ, 50 ਰੁਪਏ ਕਿੱਲੋ ਤੋਂ ਪਾਰ

09/18/2019 4:17:37 PM

ਲੁਧਿਆਣਾ, (ਨਰਿੰਦਰ) : ਇਨ੍ਹੀਂ ਦਿਨੀਂ ਸਬਜ਼ੀਆਂ ਦੀ ਕੀਮਤ ਵਧਦੀ ਜਾ ਰਹੀ ਹੈ ਪਰ ਪਿਆਜ ਨੇ ਤਾਂ ਲੋਕਾਂ ਦੇ ਹੰਝੂ ਹੀ ਕਢਾ ਛੱਡੇ ਹਨ। ਹਫਤਾ ਪਹਿਲਾਂ 30-40 ਰੁਪਏ ਕਿੱਲੋ ਵਿਕਣ ਵਾਲਾ ਪਿਆਜ ਹੁਣ 50 ਰੁਪਏ ਕਿੱਲੋ ਤੋਂ ਵੀ ਪਾਰ ਚਲਾ ਗਿਆ ਹੈ। ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਪਿਆਜ ਦੀ ਕੀਮਤ 60 ਰੁਪਏ ਪ੍ਰਤੀ ਕਿੱਲੋ ਤੱਕ ਪੁੱਜ ਸਕਦੀ ਹੈ। ਉੱਥੇ ਹੀ ਇਸ ਬਾਰੇ ਆਮ ਲੋਕਾਂ ਦਾ ਕਹਿਣਾ ਹੈ ਕਿ ਪਿਆਜ ਦੀ ਇੰਨੀ ਕੀਮਤ ਵਧਣ ਕਾਰਨ ਰਸੋਈ ਦਾ ਬਜਟ ਹਿੱਲ ਗਿਆ ਹੈ।

ਲੋਕਾਂ ਨੇ ਇਸ ਨੂੰ ਕਾਰੋਬਾਰੀਆਂ ਦੀ ਮਿਲੀ-ਭੁਗਤ ਦੱਸਿਆ ਹੈ ਅਤੇ ਕਿਹਾ ਹੈ ਕਿ ਸਰਕਾਰ ਵੀ ਇਸ 'ਚ ਸ਼ਾਮਲ ਹੈ। ਲੋਕਾਂ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਪਹਿਲਾਂ ਹੀ ਲੋਕਾਂ ਨੂੰ ਦੁਖੀ ਕਰ ਰਹੀ ਹੈ, ਉੱਤੋਂ ਪਿਆਜ ਦੀਆਂ ਕੀਮਤਾਂ ਨੇ ਲੋਕਾਂ ਦੀ ਪਰੇਸ਼ਾਨੀ ਹੋਰ ਵੀ ਵਧਾ ਦਿੱਤੀ ਹੈ। ਦੂਜੇ ਪਾਸੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪਿਆਜਾਂ ਦੇ ਨਾਲ-ਨਾਲ ਗੋਭੀ ਅਤੇ ਮਟਰ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ। ਦੱਸ ਦੇਈਏ ਕਿ ਤਿਉਹਾਰਾਂ ਦੇ ਦਿਨਾਂ 'ਚ ਪਿਆਜ ਦੀ ਕੀਮਤ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਤਿਉਹਾਰ 'ਤੇ ਵੀ ਪਿਆਜ ਲੋਕਾਂ ਦੇ ਹੰਝੂ ਹੀ ਕਢਾਵੇਗਾ।

Babita

This news is Content Editor Babita