ਪੁਲਸ ਨਾਕੇ ’ਤੇ ਜ਼ਖ਼ਮੀ ਹੋਏ ਮੁਲਾਜ਼ਮਾਂ ’ਚੋਂ ਇਕ ਦੀ ਹੋਈ ਮੌਤ

03/20/2023 7:20:03 PM

ਔੜ (ਛਿੰਜੀ ਲੜੋਆ) : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹੱਦ ਉੱਪਰ ਔੜ-ਫਿਲੌਰ ਮੁੱਖ ਮਾਰਗ ’ਤੇ ਥਾਣਾ ਔੜ ਦੀ ਪੁਲਸ ਵੱਲੋਂ ਖੁਰਦਾਂ ਗੇਟ ’ਤੇ ਲਗਾਏ ਜਾਂਦੇ ਸਪੈਸ਼ਲ ਨਾਕੇ ਦੌਰਾਨ ਦੋ ਦਿਨ ਪਹਿਲਾਂ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਆਪਣੀ ਕਾਰ ਨੂੰ ਨਾਕੇ ’ਤੇ ਚੈਕਿੰਗ ਕਰ ਰਹੇ ਮੁਲਾਜ਼ਮਾਂ ’ਤੇ ਚਾੜ੍ਹ ਦਿੱਤਾ ਸੀ, ਜਿਸ ਕਾਰਨ ਤਿੰਨ ਪੁਲਸ ਕਰਮਚਾਰੀ ਜ਼ਖ਼ਮੀ ਹੋਏ ਸਨ। ਹਸਪਤਾਲ ’ਚ ਜ਼ੇਰੇ ਇਲਾਜ ਏ. ਐੱਸ. ਆਈ. ਕੁਲਦੀਪ ਸਿੰਘ ਅਤੇ ਹੌਲਦਾਰ ਰਾਜੇਸ਼ ਕੁਮਾਰ ਦੀ ਹਾਲਤ ਗੰਭੀਰ ਦੱਸੀ ਜਾਂਦੀ ਸੀ, ਜਿਨ੍ਹਾਂ ’ਚੋਂ ਹੌਲਦਾਰ ਰਾਜੇਸ਼ ਕੁਮਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਔੜ ਦੇ ਐੱਸ. ਐੱਚ. ਓ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਰਜੇਸ਼ ਕੁਮਾਰ ਪੁੱਤਰ ਬਲਵੰਤ ਰਾਏ, ਜੋ ਪਿੰਡ ਕਟਵਾਰਾ ਥਾਣਾ ਪੋਜੇਵਾਲ ਦਾ ਰਹਿਣ ਵਾਲਾ ਸੀ, ਜੋ ਆਪਣੇ ਪਿੱਛੇ ਵਿਧਵਾ ਪਤਨੀ, 6 ਸਾਲ ਦਾ ਇਕ ਬੱਚਾ ਅਤੇ ਬਿਰਧ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮੁਲਾਜ਼ਮ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ਦਾ ਉਸ ਦੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਕਾਰ ਚਾਲਕ ਨੂੰ ਕਾਰ ਸਮੇਤ ਕਾਬੂ ਕਰ ਕੇ ਉਸ ਖਿਲਾਫ਼ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ।

Manoj

This news is Content Editor Manoj