ਟਰਾਲੇ ਤੇ ਬੱਸ ਦੀ ਟੱਕਰ ''ਚ ਦਰਜਨ ਜ਼ਖ਼ਮੀ; 1 ਦੀ ਮੌਤ

11/15/2017 8:22:08 AM

ਸ੍ਰੀ ਮੁਕਤਸਰ ਸਾਹਿਬ  (ਪਵਨ ਤਨੇਜਾ, ਖੁਰਾਣਾ) - ਕੋਟਕਪੂਰਾ-ਮੁਕਤਸਰ ਰੋਡ ਉਪਰ ਟਰਾਲੇ ਤੇ ਪਨਬੱਸ ਦੀ ਹੋਈ ਆਹਮੋ-ਸਾਹਮਣੀ ਟੱਕਰ 'ਚ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ, ਜਦਕਿ ਬੱਸ ਕੰਡਕਟਰ ਨਰਿੰਦਰ ਸਿੰਘ ਦੀ ਮੌਤ ਹੋ ਗਈ।  ਪ੍ਰਾਪਤ ਜਾਣਕਾਰੀ ਅਨੁਸਾਰ ਪਨਬੱਸ ਜੋ ਕਿ ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੀ ਸੀ, ਜਦ ਸਥਾਨਕ ਭਾਈ ਮਹਾ ਸਿੰਘ ਕਾਲਜ ਦੇ ਨੇੜੇ ਪਹੁੰਚੀ ਤਾਂ ਉਸ ਦੀ ਟੱਕਰ ਸਾਹਮਣਿਓਂ ਆ ਰਹੇ ਟਰਾਲੇ ਨਾਲ ਹੋ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਇਹ ਟੱਕਰ ਬੱਸ ਦਾ ਅਚਾਨਕ ਟਾਇਰ ਫੱਟਣ ਕਰ ਕੇ ਹੋਈ। ਇਸ ਹਾਦਸੇ 'ਚ ਬੱਸ ਡਰਾਈਵਰ ਸਮੇਤ 12 ਵਿਅਕਤੀ ਜ਼ਖ਼ਮੀ ਹੋ ਗਏ ਤੇ ਕੰਡਕਟਰ ਦੀ ਲੁਧਿਆਣਾ ਲਿਜਾਂਦੇ ਸਮੇਂ ਰਾਹ 'ਚ ਹੀ ਮੌਤ ਹੋ ਗਈ। ਜ਼ਖਮੀਆਂ 'ਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ ਕਿਉਂਕਿ ਵਾਪਸੀ ਸਮੇਂ ਇਸ ਬੱਸ 'ਤੇ ਜ਼ਿਆਦਾਤਰ ਸਰਾਏਨਾਗਾ ਤੋਂ ਨੇੜਲੇ ਪਿੰਡਾਂ ਦੇ ਸਰਕਾਰੀ ਅਧਿਆਪਕ ਸ੍ਰੀ ਮੁਕਤਸਰ ਸਾਹਿਬ ਲਈ ਸਵਾਰ ਹੁੰਦੇ ਸਨ। ਜ਼ਖ਼ਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ 'ਚੋਂ ਇਕ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ। ਬਠਿੰਡਾ ਵਿਖੇ ਇਲਾਜ ਅਧੀਨ ਕਰਨਜੀਤ ਲੈਕਚਰਾਰ ਸਰਕਾਰੀ ਸਕੂਲ ਖੋਖਰ ਤੋਂ ਇਲਾਵਾ ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਵੀਰਪਾਲ ਕੌਰ, ਰਾਮ ਨਿਵਾਸ ਵਾਸੀ ਮਲੋਟ, ਰਾਮ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਗੁਰਵਿੰਦਰ ਸਿੰਘ ਬੱਸ ਡਰਾਈਵਰ ਵਾਸੀ ਅਬੋਹਰ, ਸਥਾਨਕ ਕੋਟਕਪੂਰਾ ਰੋਡ ਸਥਿਤ ਬਾਂਸਲ ਨਰਸਿੰਗ ਹੋਮ ਵਿਖੇ ਸਰਕਾਰੀ ਅਧਿਆਪਕਾ ਪੂਨਮ (42), ਪਰੋਮਿਲਾ ਰਾਣੀ (31), ਪਰਮਜੀਤ ਕੌਰ (56), ਨਪਿੰਦਰਪਾਲ ਕੌਰ (50) ਤੇ ਇਕ ਬੱਚਾ ਲੋਕੇਸ਼ ਕੁਮਾਰ (15) ਇਲਾਜ ਅਧੀਨ ਹਨ। ਇਕ ਅਧਿਆਪਕਾ ਰੀਤੂ ਨੂੰ ਮੁੱਢਲੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਹਾਦਸੇ ਵਾਲੀ ਥਾਂ 'ਤੇ ਥਾਣਾ ਸਦਰ ਇੰਚਾਰਜ ਪੈਰੀਵਿੰਕਲ ਗਰੇਵਾਲ ਪਹੁੰਚੇ ਤੇ ਉਨ੍ਹਾਂ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਟਰਾਲੇ ਦਾ ਡਰਾਈਵਰ ਅਜੇ ਤੱਕ ਫਰਾਰ ਹੈ।