ਡੈੱਨਮਾਰਕ ਭੇਜਣ ਦੇ ਨਾਂ ''ਤੇ ਠੱਗੇ 3 ਲੱਖ ਰੁਪਏ

02/18/2018 12:35:47 AM

ਨਵਾਂਸ਼ਹਿਰ, (ਤ੍ਰਿਪਾਠੀ)- ਸਾਈਪ੍ਰਸ 'ਚ ਰਹਿਣ ਵਾਲੇ ਨੌਜਵਾਨ ਨੂੰ ਡੈੱਨਮਾਰਕ ਭੇਜਣ ਦੇ ਝਾਂਸੇ ਵਿਚ ਲੈ ਕੇ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਏਜੰਟ ਖਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਨਛੱਤਰ ਕੌਰ ਪਤਨੀ ਰੇਸ਼ਮ ਲਾਲ ਵਾਸੀ ਰੁੜਕੀ ਖੁਰਦ ਥਾਣਾ ਬਲਾਚੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਸਰਬਜੀਤ ਸਿੰਘ ਪਿਛਲੇ ਕਰੀਬ 4 ਸਾਲਾਂ ਤੋਂ ਸਾਈਪ੍ਰਸ ਵਿਚ ਰਹਿ ਰਿਹਾ ਹੈ। ਉਸ ਨੇ ਅੱਗੇ ਡੈੱਨਮਾਰਕ ਜਾਣ ਲਈ ਸਾਈਪ੍ਰਸ ਵਿਖੇ ਏਜੰਟ ਕੁਲਦੀਪ ਸਿੰਘ ਨਾਲ ਗੱਲ ਕੀਤੀ ਸੀ, ਜਿਸ ਨੇ ਦੱਸਿਆ ਕਿ ਡੈੱਨਮਾਰਕ ਤੋਂ 2 ਲੜਕੀਆਂ ਸਾਈਪ੍ਰਸ ਆ ਰਹੀਆਂ ਹਨ। ਉਨ੍ਹਾਂ ਨਾਲ ਪੱਕੇ ਤੌਰ 'ਤੇ ਉਹ ਡੈੱਨਮਾਰਕ ਜਾ ਸਕਦਾ ਹੈ। ਏਜੰਟ ਨੇ ਡੈੱਨਮਾਰਕ ਭੇਜਣਾ ਦਾ ਸੌਦਾ ਤੈਅ ਕਰ ਕੇ 3 ਲੱਖ ਰੁਪਏ ਪੇਸ਼ਗੀ ਰਾਸ਼ੀ ਉਸ ਦੇ ਭਾਰਤ ਰਹਿੰਦੇ ਦੋਸਤ ਨੂੰ ਦੇਣ ਲਈ ਕਿਹਾ, ਜੋ ਉਨ੍ਹਾਂ ਦੇ ਦਿੱਤੀ। ਇਕ ਹਫਤੇ ਬਾਅਦ ਉਸ ਦੇ ਲੜਕੇ ਨੇ ਫੋਨ ਕਰ ਕੇ ਕਿਹਾ ਕਿ ਉਕਤ ਏਜੰਟ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੂੰ ਭਾਰਤ ਵਿਚ ਪੈਸੇ ਦਿੱਤੇ ਸਨ, ਉਸ ਨੇ ਏਜੰਟ ਨੂੰ ਪੈਸੇ ਨਹੀਂ ਦਿੱਤੇ।  
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਏਜੰਟ ਦੇ ਦੋਸਤ ਦੇ ਘਰ ਗਏ ਤਾਂ ਪਤਾ ਲੱਗਾ ਕਿ ਉਹ ਏਜੰਟ ਦਾ ਭਰਾ ਹੈ ਅਤੇ ਉਸ ਨੇ ਉਕਤ ਰਾਸ਼ੀ ਉਸ ਦੇ ਬੈਂਕ ਖਾਤੇ ਵਿਚ ਪਾ ਦਿੱਤੀ ਹੈ। ਨਛੱਤਰ ਕੌਰ ਨੇ ਦੱਸਿਆ ਕਿ ਰਾਜ਼ ਖੁੱਲ੍ਹ ਜਾਣ ਤੋਂ ਬਾਅਦ ਉਕਤ ਏਜੰਟ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਪੈਸੇ ਵਾਪਿਸ ਕਰ ਦੇਵੇਗਾ ਪਰ ਵਾਰ-ਵਾਰ ਕਹਿਣ 'ਤੇ ਵੀ ਉਸ ਨੇ ਪੈਸੇ ਵਾਪਿਸ ਨਹੀਂ ਕੀਤੇ। ਇਸ ਸ਼ਿਕਾਇਤ ਦੀ ਜਾਂਚ ਉਪਰੰਤ ਥਾਣਾ ਰਾਹੋਂ ਦੀ ਪੁਲਸ ਨੇ ਏਜੰਟ ਕੁਲਦੀਪ ਸਿੰਘ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।