ਮੁਕੱਦਮਾ ਸਕੇ ਭਰਾਵਾਂ ''ਤੇ, ਗ੍ਰਿਫਤਾਰੀ ਸੁਪਰਵਾਈਜ਼ਰ ਦੀ

03/02/2018 4:54:33 AM

ਅੰਮ੍ਰਿਤਸਰ,   (ਮਹਿੰਦਰ)-  ਪਤਨੀ ਦੇ ਨਾਂ 'ਤੇ ਰਜਿਸਟਰਡ ਟ੍ਰੇਡ ਮਾਰਕ ਪ੍ਰੋਡਕਟ ਦਾ ਡੁਪਲੀਕੇਟ ਮਾਲ ਤਿਆਰ ਕਰ ਕੇ ਬਾਜ਼ਾਰ 'ਚ ਵੇਚਣ ਦੇ ਦੋਸ਼ ਵਿਚ ਸ਼ਿਕਾਇਤਕਰਤਾ ਨੇ ਮੁਕੱਦਮਾ ਤਾਂ ਆਪਣੇ ਸਕੇ 3 ਭਰਾਵਾਂ ਵਿਰੁੱਧ ਦਰਜ ਕਰਵਾ ਰੱਖਿਆ ਸੀ ਪਰ ਉਨ੍ਹਾਂ ਦੀ ਗ੍ਰਿਫਤਾਰੀ ਹੋਣ ਤੋਂ ਪਹਿਲਾਂ ਪੁਲਸ ਨੇ ਡੁਪਲੀਕੇਟ ਮਾਲ ਟਰੱਕਾਂ 'ਚ ਲੋਡ ਕਰਵਾਉਂਦੇ ਸਮੇਂ ਕਥਿਤ ਦੋਸ਼ੀ 3 ਭਰਾਵਾਂ ਦੇ ਸੁਪਰਵਾਈਜ਼ਰ ਨੂੰ ਹੀ ਮੌਕੇ 'ਤੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ, ਜਿਸ ਨੂੰ ਵੀਰਵਾਰ ਸਥਾਨਕ ਜੇ. ਐੱਮ. ਆਈ. ਸੀ. ਹਰਸਿਮਰਤ ਕੌਰ ਦੀ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਨੇ 3 ਦਿਨ ਦਾ ਪੁਲਸ ਰਿਮਾਂਡ ਦੇਣ ਨੂੰ ਕਿਹਾ ਸੀ ਪਰ ਅਦਾਲਤ ਨੇ ਗ੍ਰਿਫਤਾਰ ਕਥਿਤ ਦੋਸ਼ੀ ਸੁਪਰਵਾਈਜ਼ਰ ਨੂੰ 2 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਕੀ ਹੈ ਮਾਮਲਾ? : ਸਥਾਨਕ ਗੁਰੂ ਨਾਨਕ ਕਾਲੋਨੀ ਤਰਨਤਾਰਨ ਰੋਡ ਨਿਵਾਸੀ ਬਲਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਸਥਾਨਕ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਡੋਲ ਸੇਲਜ਼ ਕਾਰਪੋਰੇਸ਼ਨ ਨਾਂ ਦੀ ਇਕ ਫਰਮ ਉਸ ਦੀ ਪਤਨੀ ਦੇ ਨਾਂ 'ਤੇ ਹੈ, ਉਸ ਦੀ ਇਸ ਫਰਮ ਦੇ ਆਧਾਰ 'ਤੇ ਉਨ੍ਹਾਂ ਦਾ ਮਹਿਤਾ ਛਾਪ ਨਾਂ ਦਾ ਟ੍ਰੇਡ ਮਾਰਕ ਰਜਿਸਟਰਡ ਹੈ, ਜਿਸ ਤਹਿਤ ਖਲ ਬਿਨੌਲਾ, ਖਲ ਸਰ੍ਹੋਂ, ਤੇਲ ਅਤੇ ਬੀਜ ਤਿਆਰ ਕੀਤੇ ਜਾਂਦੇ ਹਨ। ਉਸ ਦੀ ਪਤਨੀ ਨੇ ਆਪਣੀ ਇਸ ਫਰਮ ਦੇ ਕਾਰੋਬਾਰ ਨੂੰ ਲੈ ਕੇ ਉਸ ਦੇ ਨਾਂ 'ਤੇ ਪਾਵਰ ਆਫ ਅਟਾਰਨੀ ਦਿੱਤੀ ਹੋਈ ਹੈ ਪਰ ਬਾਜ਼ਾਰ ਚੂੜ ਬੇਰੀ ਗੇਟ ਭਗਤਾਂਵਾਲਾ ਨਿਵਾਸੀ ਅਤੇ ਇਸ ਸਮੇਂ ਅਲਫਾ ਸਿਟੀ ਪਿੰਡ ਦਬੁਰਜੀ ਜੀ. ਟੀ. ਰੋਡ ਖੇਤਰ 'ਚ ਰਹਿ ਰਹੇ ਸੁਖਦੇਵ ਸਿੰਘ, ਵਰਿਆਮ ਸਿੰਘ ਤੇ ਕੁਲਦੀਪ ਸਿੰਘ ਜੋ ਕਿ ਉਸ ਦੇ ਤਿੰਨੋਂ ਸਕੇ ਭਰਾ ਹਨ, ਉਸ ਦੀ ਪਤਨੀ ਦੇ ਨਾਂ ਵਾਲੀ ਫਰਮ ਦੇ ਟ੍ਰੇਡ ਮਾਰਕਾ ਦਾ ਡੁਪਲੀਕੇਟ ਮਾਲ ਤਿਆਰ ਕਰ ਕੇ ਬਾਜ਼ਾਰ ਵਿਚ ਕਈ ਦੁਕਾਨਦਾਰਾਂ ਨੂੰ ਮਿਲ ਕੇ ਸ਼ਰੇਆਮ ਵੇਚ ਰਹੇ ਹਨ, ਹਾਲਾਂਕਿ ਇਸ ਸਬੰਧੀ ਉਨ੍ਹਾਂ ਵਿਰੁੱਧ 26-12-2016 ਨੂੰ ਥਾਣਾ ਸੀ-ਡਵੀਜ਼ਨ 'ਚ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਬਾਵਜੂਦ ਇਸ ਦੇ ਉਸ ਦੇ ਇਹ ਤਿੰਨੇ ਭਰਾ ਬਿਨਾਂ ਕਿਸੇ ਡਰ ਤੋਂ ਉਨ੍ਹਾਂ ਦੇ ਟ੍ਰੇਡ ਮਾਰਕ ਦਾ ਡੁਪਲੀਕੇਟ ਮਾਲ ਤਿਆਰ ਕਰ ਕੇ ਸ਼ਰੇਆਮ ਵੇਚ ਰਹੇ ਹਨ।
ਇਸ ਸ਼ਿਕਾਇਤ 'ਤੇ ਥਾਣਾ ਚਾਟੀਵਿੰਡ ਦੀ ਪੁਲਸ ਨੇ ਸ਼ਿਕਾਇਤਕਰਤਾ ਤੇ ਤਿੰਨੋਂ ਭਰਾਵਾਂ ਵਿਰੁੱਧ ਟ੍ਰੇਡ ਮਾਰਕ ਐਕਟ ਦੀ ਧਾਰਾ 103/104/107 ਅਤੇ ਧਾਰਾ 420/120-ਬੀ ਤਹਿਤ 24-2-2018 ਨੂੰ ਮੁਕੱਦਮਾ ਨੰਬਰ 25/2018 ਦਰਜ ਕੀਤਾ ਸੀ, ਜਿਸ ਦੀ ਜਾਂਚ ਕਰਦਿਆਂ ਕਥਿਤ ਦੋਸ਼ੀਆਂ ਦੀ ਝਬਾਲ ਰੋਡ 'ਤੇ ਸਥਿਤ ਫੈਕਟਰੀ 'ਤੇ ਛਾਪਾ ਮਾਰ ਕੇ ਉਥੇ ਟਰੱਕ 'ਚ ਲੋਡ ਕੀਤੇ ਜਾ ਰਹੇ ਡੁਪਲੀਕੇਟ ਮਾਲ ਦੀਆਂ 249 ਬੋਰੀਆਂ ਅਤੇ ਫੈਕਟਰੀ ਦੇ ਬਾਹਰ ਸੜਕ 'ਤੇ ਲੋਡ ਕੀਤੇ ਜਾ ਚੁੱਕੇ ਇਕ ਹੋਰ ਟਰੱਕ 'ਚੋਂ 310 ਬੋਰੀਆਂ ਡੁਪਲੀਕੇਟ ਮਾਲ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਉਥੋਂ ਕਥਿਤ ਦੋਸ਼ੀਆਂ ਦੇ ਸੁਪਰਵਾਈਜ਼ਰ ਗੁਰੂ ਨਾਨਕਪੁਰਾ ਝਬਾਲ ਰੋਡ ਨਿਵਾਸੀ ਨਾਨਕ ਚੰਦ ਪੁੱਤਰ ਕੇਵਲ ਕ੍ਰਿਸ਼ਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।