ਸੋਨੀ ਨੇ ਸਿੱਖਿਆ ਵਿਭਾਗ ਨੂੰ ਸੁਧਾਰਿਆ, ਅਫਸਰਸ਼ਾਹੀ ਨੂੰ ਰਾਸ ਨਹੀਂ ਆਇਆ ਕੰਮ

06/14/2019 5:17:04 PM

ਜਲੰਧਰ (ਪੁਨੀਤ) : ਕੈਬਨਿਟ ਮੰਤਰੀ ਓ. ਪੀ. ਸੋਨੀ ਸਿਫਾਰਿਸ਼ਾਂ ਨੂੰ ਬੇਧਿਆਨ ਕਰ ਕੇ ਸਿਰਫ ਕੰਮ 'ਤੇ ਧਿਆਨ ਕੇਂਦਰਿਤ ਕੀਤਾ, ਜਿਸ ਦਾ ਨਤੀਜਾ 10ਵੀਂ ਤੇ 12ਵੀਂ ਦੇ ਬੋਰਡ ਦੇ ਸ਼ਾਨਦਾਰ ਨਤੀਜਿਆਂ ਵਜੋਂ ਸਾਹਮਣੇ ਆਇਆ। ਸਿੱਖਿਆ ਮੰਤਰੀ ਸੋਨੀ ਦੇ ਕਾਰਜਕਾਲ ਦੌਰਾਨ ਸਿੱਖਿਆ ਵਿਭਾਗ ਨੇ ਵਧੀਆ ਕੰਮ ਕਰਦੇ ਹੋਏ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਵਾਰ ਵਧੀਆ ਨਤੀਜਿਆਂ ਨਾਲ ਖੁਦ ਨੂੰ ਸਾਬਿਤ ਕੀਤਾ। ਉਨ੍ਹਾਂ ਵਿਭਾਗ ਦੇ ਕਈ ਅਧਿਕਾਰੀਆਂ ਦੀਆਂ ਸਿਫਾਰਿਸ਼ਾਂ ਨੂੰ ਨਾ ਮੰਨਦੇ ਹੋਏ ਸਿਰਫ ਵਧੀਆ ਕੰਮ ਕਰਨ 'ਤੇ ਖੁਦ ਨੂੰ ਫੋਕਸ ਕੀਤਾ ਹੈ। ਇਸ ਦੌਰਾਨ ਸਿੱਖਿਆ ਦਾ ਪੱਧਰ ਸੁਧਰਿਆ ਅਤੇ ਲੋਕਾਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲ ਰੁਝਾਨ ਵਧਣ ਲੱਗਾ।

ਸੋਨੀ ਵਲੋਂ ਕੀਤੇ ਗਏ ਚੰਗੇ ਕੰਮ ਅਫਸਰਸ਼ਾਹੀ ਨੂੰ ਰਾਸ ਨਹੀਂ ਆਏ, ਜਿਸ ਕਾਰਨ ਉਨ੍ਹਾਂ ਦਾ ਵਿਭਾਗ ਤਬਦੀਲ ਕਰਵਾ ਦਿੱਤਾ ਗਿਆ। ਸਕੂਲ ਸਿੱਖਿਆ ਨਾਲ ਜੁੜੇ ਕਈ ਸੰਗਠਨਾਂ ਨੇ ਸੋਨੀ ਦੇ ਮਾਮਲੇ 'ਚ ਸਰਕਾਰ ਨੂੰ ਮੁੜ ਵਿਚਾਰ ਕਰਦੇ ਹੋਏ ਸਿੱਖਿਆ ਵਿਭਾਗ ਵਾਪਸ ਦੇਣ ਦੀ ਅਪੀਲ ਕੀਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਉੱਪਰ ਚੁੱਕਣ ਲਈ ਸੋਨੀ ਨੇ ਕਈ ਯੋਜਨਾਵਾਂ ਤਿਆਰ ਕੀਤੀਆਂ, ਜਿਨ੍ਹਾਂ ਦੇ ਅਮਲ 'ਚ ਆਉਣ 'ਤੇ ਪੰਜਾਬ ਦੀ ਸਰਕਾਰੀ ਸਿੱਖਿਆ ਨੇ ਕਈ ਸੂਬਿਆਂ ਨੂੰ ਪਿੱਛੇ ਛੱਡ ਦੇਣਾ ਸੀ। ਕਈ ਅਧਿਕਾਰੀਆਂ ਦੀਆਂ ਗੱਲਾਂ ਨੂੰ ਬੇਧਿਆਨ ਕਰਨ ਕਾਰਨ ਸੋਨੀ ਵਿਰੁੱਧ ਸਾਜ਼ਿਸ਼ਾਂ ਰਚਦੇ ਹੋਏ ਉਨ੍ਹਾਂ ਦੇ ਕੰਮ ਕਰਨ ਦੇ ਢੰਗ 'ਚ ਦਖਲ ਦੇਣਾ ਸ਼ੁਰੂ ਹੋ ਗਿਆ। ਇਸੇ ਕਾਰਨ ਉਨ੍ਹਾਂ ਕੋਲੋਂ ਸਿੱਖਿਆ ਵਿਭਾਗ ਵਾਪਸ ਲੈ ਲਿਆ ਗਿਆ।

ਸੋਨੀ ਦੇ ਵਿਰੋਧੀਆਂ ਨੇ ਭਾਵੇਂ ਹੁਣ ਸੁੱਖ ਦਾ ਸਾਹ ਲਿਆ ਹੋਵੇ ਪਰ ਇਹ ਸੂਬੇ ਦੀ ਸਿੱਖਿਆ ਪ੍ਰਣਾਲੀ ਲਈ ਚੰਗੀ ਖਬਰ ਨਹੀਂ ਕਹੀ ਜਾ ਸਕਦੀ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਨਵੇਂ ਸਿੱਖਿਆ ਮੰਤਰੀ ਨੂੰ ਯੋਜਨਾਵਾਂ ਬਣਾਉਣ ਅਤੇ ਸਿਸਟਮ ਨੂੰ ਸਮਝਣ 'ਚ ਸਮਾਂ ਲੱਗੇਗਾ ਜਦਕਿ ਸੋਨੀ ਲੰਬੇ ਸਮੇਂ ਤੋਂ ਇਸ ਅਹੁਦੇ 'ਤੇ ਕੰਮ ਕਰ ਰਹੇ ਸਨ ਅਤੇ ਯੋਜਨਾਵਾਂ ਬਣਾ ਚੁੱਕੇ ਸਨ। ਇਸ ਪੂਰੇ ਘਟਨਾ ਚੱਕਰ ਕਾਰਨ ਕਈ ਐਸੋਸੀਏਸ਼ਨਾਂ ਨੇ ਸੋਨੀ ਕੋਲੋਂ ਸਿੱਖਿਆ ਵਿਭਾਗ ਵਾਪਸ ਲਏ ਜਾਣ ਦਾ ਵਿਰੋਧ ਕੀਤਾ ਹੈ। ਕਈ ਪਾਸਿਓਂ ਮੰਗ ਉਠ ਰਹੀ ਹੈ ਕਿ ਸੋਨੀ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਅਮਲ 'ਚ ਲਿਆਉਣ ਲਈ ਪੂਰਾ ਸਮਾਂ ਦਿੱਤੇ ਜਾਣ ਦੀ ਲੋੜ ਹੈ। ਬੀਤੇ ਦਿਨੀਂ ਸਕੂਲਾਂ ਦੇ ਇਕ ਮੁੱਖ ਸੰਗਠਨ ਐਸੋਸੀਏਟਿਡ ਸਕੂਲਜ਼ ਆਰਗੇਨਾਈਜ਼ੇਸ਼ਨ ਨੇ ਵੀ ਸੋਨੀ ਦੀ ਸਿੱਖਿਆ ਵਿਭਾਗ 'ਚ ਵਾਪਸੀ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਤਕ ਜਿਸ ਤਰ੍ਹਾਂ ਸੋਨੀ ਨੂੰ ਇਸ ਵਿਭਾਗ 'ਚ ਵਾਪਸ ਲਿਆਉਣ ਦੀ ਮੰਗ ਉਠ ਰਹੀ ਹੈ, ਤੋਂ ਇਹ ਪਤਾ ਲੱਗਦਾ ਹੈ ਕਿ ਸੋਨੀ ਦੇ ਕੰਮ ਕਰਨ ਦਾ ਢੰਗ ਸਭ ਨੂੰ ਰਾਸ ਆ ਰਿਹਾ ਸੀ।
 

Anuradha

This news is Content Editor Anuradha