ਸ਼ਹਿਰ ''ਚ ਡੇਂਗੂ ਦਾ ਕਹਿਰ ਜਾਰੀ, 72 ਸਾਲਾ ਔਰਤ ਦੀ ਮੌਤ

10/21/2020 6:03:02 PM

ਗੁਰੂਹਰਸਹਾਏ (ਆਵਲਾ) : ਇਲਾਕੇ ਅੰਦਰ ਡੇਂਗੂ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਡੇਂਗੂ ਦੀ ਮਰੀਜ਼ 72 ਸਾਲਾ ਭੁਪਿੰਦਰ ਕੌਰ ਬੇਦੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਭੁਪਿੰਦਰ ਕੌਰ ਵੀਰੋ ਨਾਮਕ ਔਰਤ ਜੋ ਕਿ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ। ਉਕਤ ਔਰਤ ਦੀ ਡੇਂਗੂ ਦੀ ਰਿਪੋਰਟ ਡੇਂਗੂ ਪਾਜ਼ੇਟਿਵ ਆਈ ਸੀ। ਇਲਾਜ ਲਈ ਔਰਤ ਨੂੰ ਮੋਹਾਲੀ ਦੇ ਨਿੱਜੀ ਫੌਰਟੀਜ਼ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ 8 ਦਿਨ ਤੱਕ ਇਲਾਜ ਚੱਲਦਾ ਰਿਹਾ ਪਰ ਅੱਜ ਸਵੇਰੇ ਬੁੱਧਵਾਰ 8 ਵਜੇ ਦੇ ਕਰੀਬ ਉਕਤ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਸ਼ਹਿਰ ਦੇ ਅਕਾਲੀ ਆਗੂ ਸਾਬਕਾ ਚੇਅਰਮੈਨ ਪੀ. ਏ. ਪੀ. ਡੀ. ਬੈਂਕ ਦੀ ਪਤਨੀ ਅਤੇ ਪਿੰਡ ਲੈਪੋ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਬੇਦੀ ਦੀ ਮਾਤਾ ਜੀ ਸਨ।

ਇਹ ਵੀ ਪੜ੍ਹੋ : ਛੱਤ 'ਤੇ ਖੇਡ ਰਿਹਾ ਬੱਚਾ ਆਇਆ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ, ਕੱਟਣਾ ਪਿਆ ਹੱਥ

ਮ੍ਰਿਤਕ ਔਰਤ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਲੈਪੋ ਵਿਖੇ ਕੀਤਾ ਜਾਵੇਗਾ। ਇਲਾਕੇ ਅੰਦਰ ਡੇਂਗੂ ਬੁਖ਼ਾਰ ਦੇ ਮਰੀਜ਼ਾਂ ਦੀ ਗਿਣਤੀ 'ਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਸਰਕਾਰ ਅਤੇ ਸਿਹਤ ਮਹਿਕਮੇ ਨੂੰ ਚਾਹੀਦਾ ਹੈ ਕਿ ਸ਼ਹਿਰ ਅੰਦਰ ਤੇਜ਼ੀ ਨਾਲ ਫੈਲ ਰਹੇ ਡੇਂਗੂ ਬੁਖਾਰ ਬਾਰੇ ਲੋਕਾ ਨੂੰ ਪਹਿਲ ਦੇ ਅਧਾਰ 'ਤੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਲੋਕ ਇਸ ਬੀਮਾਰੀ ਤੋਂ ਬੱਚ ਸਕਣ। ਇਲਾਕੇ ਅੰਦਰ ਪਿਛਲੇ ਕੁੱਝ ਦਿਨਾਂ ਵਿੱਚ ਡੇਂਗੂ ਕਾਰਨ ਕਈ ਮੌਤਾਂ ਹੋ ਗਈਆਂ ਹਨ ਜੋ ਕਿ ਇਲਾਕੇ ਲਈ ਚਿੰਤਾ ਦਾ ਵਿਸ਼ਾ ਹੈ। ਜੇਕਰ ਸਿਹਤ ਮਹਿਕਮੇ ਸਮਾਂ ਰਹਿੰਦੇ ਇਸ ਡੇਂਗੂ ਬੁਖਾਰ ਵਰਗੀ ਭਿਆਨਕ ਬੀਮਾਰੀ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਇਲਾਕੇ ਅੰਦਰ ਮੌਤਾਂ ਦਾ ਅੰਕੜਾ ਵੱਧ ਸਕਦਾ ਹੈ ਕਿਉਂਕਿ ਇਲਾਕੇ ਅੰਦਰ ਡੇਂਗੂ ਬੁਖਾਰ ਦੇ ਨਾਲ ਲੋਕ ਬਹੁਤ ਜ਼ਿਆਦਾ ਪੀੜਤ ਹਨ।

ਇਹ ਵੀ ਪੜ੍ਹੋ : ਕੋਵਿਡ ਮਰੀਜ਼ ਦੀ ਮ੍ਰਿਤਕ ਦੇਹ ਬਦਲਣ ਦੇ ਮਾਮਲੇ 'ਚ ਪੀ. ਜੀ. ਆਈ. ਨੇ ਦਿੱਤਾ ਬਿਆਨ

Anuradha

This news is Content Editor Anuradha