ਤੇਲ, ਦੂਰਸੰਚਾਰ ਕੰਪਨੀਆਂ ਨੇ ਕੀਤਾ 3524 ਕਰੋਡ਼ ਰੁਪਏ ਦੇ TDS ਦਾ ਘਪਲਾ

03/06/2020 8:44:27 AM

ਨਵੀਂ ਦਿੱਲੀ — ਆਮਦਨ ਕਰ ਵਿਭਾਗ ਨੇ ਕੌਮੀ ਰਾਜਧਾਨੀ ’ਚ ਇਕ ਪ੍ਰਮੁੱਖ ਤੇਲ ਕੰਪਨੀ ਅਤੇ ਇਕ ਦੂਰਸੰਚਾਰ ਕੰਪਨੀ ਦੇ ਸਰਵੇ ਦੌਰਾਨ 3524 ਕਰੋਡ਼ ਰੁਪਏ ਦੀ ਟੀ. ਡੀ. ਐੱਸ. ਘਪਲੇ ਦਾ ਪਤਾ ਲਾਇਆ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ। ਸੀ. ਬੀ. ਡੀ. ਟੀ. ਨੇ ਇਸ ਨੂੰ ਵੱਡੀ ਸਫਲਤਾ ਦੱਸਿਆ। ਉਸ ਨੇ ਕਿਹਾ ਕਿ ਤੇਲ ਕੰਪਨੀ ਦੇ ਮਾਮਲੇ ’ਚ ਸ੍ਰੋਤ ’ਤੇ ਟੈਕਸ ਕਟੌਤੀ (ਟੀ. ਡੀ. ਐੱਸ.) ਨਾ ਹੋਣ ’ਤੇ 3200 ਕਰੋਡ਼ ਰੁਪਏ ਦੇ ਘਪਲੇ ਦਾ ਪਤਾ ਲੱਗਾ ਹੈ। ਉਥੇ ਹੀ ਦੂਰਸੰਚਾਰ ਕੰਪਨੀ ਦੇ ਮਾਮਲੇ ’ਚ 324 ਕਰੋਡ਼ ਰੁਪਏ ਦੀ ਟੀ. ਡੀ. ਐੱਸ. ਭੁਗਤਾਨ ਨਾ ਹੋਣ ਦਾ ਪਤਾ ਲੱਗਾ ਹੈ।

ਆਮਦਨ ਕਰ ਕਾਨੂੰਨ ਦੀ ਧਾਰਾ 194ਜੇ ਦੇ ਤਹਿਤ ਟੀ. ਡੀ. ਐੱਸ. ਦੀ ਘੱਟ ਕਟੌਤੀ ਦਾ ਮਾਮਲਾ ਬਣਦਾ ਹੈ। ਇਸ ਦੇ ਤਹਿਤ ਕਈ ਸਾਲਾਂ ਦੌਰਾਨ ਸੰਸਥਾਨਾਂ ਅਤੇ ਉੱਚ ਤਕਨੀਕ ਦੀਆਂ ਤੇਲ ਰਿਫਾਈਨਰੀਆਂ ਦੀ ਸਾਂਭ-ਸੰਭਾਲ ਅਤੇ ਤਕਨੀਕੀ ਸੇਵਾਵਾਂ ਦੀ ਫੀਸ ਦੇ ਭੁਗਤਾਨ, ਐੱਲ. ਐੱਨ. ਜੀ. ਟਰਾਂਸਪੋਰਟ ਅਤੇ ਮੁੜ-ਗੈਸੀਕਰਨ ਲਈ ਹੋਣ ਵਾਲੀ ਰਸਾਇਣਕ ਪ੍ਰਕਿਰਿਆ ਲਈ ਭੁਗਤਾਨ ਦੇ ਮਾਮਲੇ ’ਚ ਟੀ. ਡੀ. ਐੱਸ. ਦੀ ਘੱਟ ਕਟੌਤੀ ਕੀਤੀ ਗਈ। ਉਥੇ ਹੀ ਉਤਪਾਦਾਂ ਦੀ ਖਰੀਦ ਅਤੇ ਸੇਵਾਵਾਂ ਸਮੇਤ ਕੁਲ ਕਰਾਰਾਂ ’ਚ 2 ਫ਼ੀਸਦੀ ਦੀ ਦਰ ਨਾਲ ਟੀ. ਡੀ. ਐੱਸ. ਕੱਟਿਆ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਨਤੀਜੇ ਵਜੋਂ ਕੰਪਨੀਆਂ ਵੱਲੋਂ ਇਸ ’ਚ ਖੁੰਝ ਹੋਈ।

ਹਸਪਤਾਲ ਵੀ ਕਰ ਰਹੇ ਟੀ. ਡੀ. ਐੱਸ. ਨਿਯਮਾਂ ਦੀ ਸ਼ਰੇਆਮ ਉਲੰਘਣਾ

ਸੀ. ਬੀ. ਡੀ. ਟੀ. ਨੇ ਹਾਲਾਂਕਿ ਇਨ੍ਹਾਂ ਕੰਪਨੀਆਂ ਦੇ ਨਾਂ ਨਹੀਂ ਦੱਸੇ ਹਨ। ਬੋਰਡ ਨੇ ਉਥੇ ਹੀ ਇਸੇ ਤਰ੍ਹਾਂ ਦੀ ਇਕ ਹੋਰ ਕਾਰਵਾਈ ’ਚ ਪਾਇਆ ਕਿ ਦਿੱਲੀ ਦੇ ਕਈ ਹਸਪਤਾਲ ਟੀ. ਡੀ. ਐੱਸ. ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ ਅਤੇ ਵਿਭਾਗ ਨੂੰ ਘੱਟ ਟੈਕਸ ਦਾ ਭੁਗਤਾਨ ਕਰ ਰਹੇ ਹਨ। ਤੇਲ ਕੰਪਨੀ ਦੇ ਮਾਮਲੇ ’ਚ ਵਿਭਾਗ ਨੇ ਕਿਹਾ ਕਿ ਭੁਗਤਾਨ ’ਚ ਜੋ ਘਪਲਾ ਹੈ, ਉਹ ਟੈਕਸ ਦੀ ਘੱਟ ਕਟੌਤੀ ਅਤੇ ਟੈਕਸ ਕਟੌਤੀ ਨਾ ਕੀਤਾ ਜਾਣਾ ਸ਼ਾਮਲ ਹੈ। ਦੂਰਸੰਚਾਰ ਕੰਪਨੀ ਨੇ ਆਮਦਨ ਕਰ ਕਾਨੂੰਨ ਦੀ ਧਾਰਾ 194ਜੇ ਦੇ ਤਹਿਤ 4000 ਕਰੋਡ਼ ਰੁਪਏ ਦੇ ਤਕਨੀਕ ਕਰਾਰਾਂ ’ਚ 10 ਫ਼ੀਸਦੀ ਦੀ ਲਾਜ਼ਮੀ ਦਰ ਨਾਲ ਟੀ. ਡੀ. ਐੱਸ. ਦਾ ਭੁਗਤਾਨ ਨਹੀਂ ਕੀਤਾ। ਜਾਂਚ ਪੂਰੀ ਹੋਣ ’ਤੇ ਰਾਸ਼ੀ ਵਧ ਵੀ ਸਕਦੀ ਹੈ।

2 ਪ੍ਰਮੁੱਖ ਹਸਪਤਾਲਾਂ ’ਚ ਵੀ ਲੱਗਾ ਟੀ. ਡੀ. ਐੱਸ. ਭੁਗਤਾਨ ’ਚ ਕਮੀ ਦਾ ਪਤਾ

ਸੀ. ਬੀ. ਡੀ. ਟੀ. ਨੇ ਕਿਹਾ ਕਿ ਜਾਂਚ-ਪੜਤਾਲ ਦੌਰਾਨ ਰਾਜਧਾਨੀ ਦੇ 2 ਪ੍ਰਮੁੱਖ ਹਸਪਤਾਲਾਂ ’ਚ ਵੀ ਟੀ. ਡੀ. ਐੱਸ. ਭੁਗਤਾਨ ’ਚ ਕਮੀ ਦਾ ਪਤਾ ਲੱਗਾ। ਇਨ੍ਹਾਂ ’ਚ 2500 ਬਿਸਤਰਿਆਂ ਵਾਲੇ ਇਕ ਵੱਡੇ ਹਸਪਤਾਲ ’ਚ ਨਿਰਮਾਣ ਠੇਕਿਆਂ ’ਤੇ ਟੀ. ਡੀ. ਐੱਸ. ਨਾ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਉਥੇ ਹੀ 700 ਬਿਸਤਰਿਆਂ ਦੀ ਸਹੂਲਤ ਵਾਲੇ ਇਕ ਹੋਰ ਹਸਪਤਾਲ ’ਚ ਡਾਕਟਰਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ’ਤੇ 10 ਫ਼ੀਸਦੀ ਦੀ ਦਰ ਨਾਲ ਟੈਕਸ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਕਿ ਤਨਖਾਹ ਭੁਗਤਾਨ ’ਤੇ ਮੌਜੂਦਾ ’ਚ 30 ਫ਼ੀਸਦੀ ਦੀ ਦਰ ਨਾਲ ਟੀ. ਡੀ. ਐੱਸ. ਕਟੌਤੀ ਹੋਣੀ ਚਾਹੀਦੀ ਹੈ। ਇਨ੍ਹਾਂ ਹਸਪਤਾਲਾਂ ’ਚ ਕ੍ਰਮਵਾਰ 70 ਕਰੋਡ਼ ਅਤੇ 20 ਕਰੋਡ਼ ਰੁਪਏ ਦੀ ਟੀ. ਡੀ. ਐੱਸ. ਘਪਲੇ ਦਾ ਪਤਾ ਲੱਗਾ ਹੈ। ਸੀ. ਬੀ. ਡੀ. ਟੀ. ਨੂੰ ਦਿੱਲੀ ਦੇ ਇਕ ਰੀਅਲ ਅਸਟੇਟ ਸਮੂਹ ਦੇ ਮਾਮਲੇ ’ਚ ਵੀ ਇਸ ਤਰ੍ਹਾਂ ਦੇ ਟੀ. ਡੀ. ਐੱਸ. ਘਪਲੇ ਦਾ ਪਤਾ ਲੱਗਾ ਸੀ। ਸਮੂਹ ’ਚ ਇਸ ਹਫ਼ਤੇ ਦੀ ਸ਼ੁਰੂਆਤ ’ਚ ਸਰਵੇਖਣ ਕੀਤਾ ਗਿਆ ਸੀ।