ਡਿਊਟੀ ਦੌਰਾਨ ਜਾਮ ਛਲਕਾਉਂਦੇ ਕੈਮਰੇ 'ਚ ਕੈਦ ਹੋਏ ਜ਼ਿਲਾ ਮੰਡੀ ਅਫਸਰ (ਤਸਵੀਰਾਂ)

07/21/2017 1:44:17 PM

ਹੁਸ਼ਿਆਰਪੁਰ (ਸਮੀਰ) — ਇਥੋਂ ਦੇ ਸ਼ੇਰਾਜ ਹੋਟਲ 'ਚ ਉਸ ਸਮੇਂ ਹੜਕੰਪ ਮਚ ਗਿਆ ਜਦ ਜ਼ਿਲਾ ਮੰਡੀ ਬੋਰਡ ਦੇ ਡੀ. ਐੱਮ. ਓ. ਤੇ ਉਨ੍ਹਾਂ ਦੇ ਨਾਲ ਮੰਡੀ ਬੋਰਡ ਦੇ ਸੇਕ੍ਰਟਰੀ ਤੇ ਹੋਰ ਅਧਿਕਾਰੀਆਂ ਨੂੰ ਡਿਊਟੀ ਦੇ ਸਮੇਂ ਸ਼ਰਾਬ ਪੀਂਦੇ ਰੰਗੇ ਹੱਥੀ ਕੈਮਰੇ 'ਚ ਕੈਦ ਕੀਤਾ ਗਿਆ।
ਬੇਸ਼ੱਕ ਸਰਕਾਰ ਵਲੋਂ ਦਫਤਰਾਂ 'ਚ ਸਮੇਂ 'ਤੇ ਕੰਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਅਫਸਰਾਂ ਦੀ ਅਫਸਰਸ਼ਾਹੀ ਤੇ ਐਸ਼ ਪ੍ਰਸਤੀ ਦੇ ਚਲਦੇ ਦਿਨ ਦਿਹਾੜੇ ਹੀ ਸ਼ਰਾਬ ਦਾ ਸੇਵਨ ਕਰ ਕੇ ਦਫਤਰਾਂ 'ਚ ਆਉਣਾ ਜਾਣਾ ਆਮ ਗੱਲ ਹੋ ਚੁੱਕੀ ਹੈ, ਇਸੇ ਤਰ੍ਹਾਂ ਦਾ ਨਜ਼ਾਰਾ ਅੱਜ ਉਸ ਸਮੇਂ ਦੇਖਣ ਨੂੰ ਮਿਲਿਆ ਜਦ ਜ਼ਿਲਾ ਮੰਡੀ ਬੋਰਡ ਦੇ ਡੀ. ਐੱਮ. ਓ. ਰਾਜ ਕੁਮਾਰ ਸੇਕ੍ਰਟਰੀ ਜਤਿੰਦਰ ਸਿੰਘ ਤੇ ਹੋਰ ਅਧਿਕਾਰੀ ਦੁਪਹਿਰ ਡਿਊਟੀ ਸਮੇਂ ਸ਼ਹਿਰ ਦੇ ਸ਼ੇਰਾਜ ਹੋਟਲ ਦੇ ਬਾਰ ਰੂਮ 'ਚ ਸ਼ਰੇਆਮ ਸ਼ਰਾਬ ਪੀਂਦੇ ਨਜ਼ਰ ਆਏ, ਜਦ ਸਾਡੀ ਟੀਮ ਨੇ ਡੀ, ਐੱਮ. ਓ. ਰਾਜ ਕੁਮਾਰ ਨੂੰ ਮੰਡੀ ਬੋਰਡ ਦਾ ਦਫਤਰ ਹੀ ਹੋਟਲ 'ਚ ਚਲਾਉਣ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹ ਟਾਲ-ਮਟੋਲ ਕਰਨ ਲੱਗੇ ਤੇ ਆਪਣੇ ਸ਼ਰਾਬ ਦੇ ਭਰੇ ਗਿਲਾਸ ਟੇਬਲ ਦੇ ਹੇਠ ਲੁਕਾਉਣ ਲੱਗੇ ਪਰ ਕੋਈ ਵੀ ਤਸੱਲੀ ਬਕਸ਼ ਜਵਾਬ ਨਹੀਂ ਦੇ ਸਕੇ ਤੇ ਹੋਟਲ 'ਚੋਂ ਖਿਸਕਣ ਲੱਗੇ। ਜਦ ਸੇਕ੍ਰਟਰੀ ਕੋਲੋਂ ਆਨ ਡਿਊਟੀ ਸਮੇਂ ਸ਼ਰਾਬ ਪੀਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਤੇ ਹੋਟਲ ਦੇ ਬਾਹਰ ਖੜੀ ਸਰਕਾਰੀ ਗੱਡੀ ਵੱਲ ਚਲਾ ਗਿਆ।


ਜਦ ਮੰਡੀ ਬੋਰਡ ਦੇ ਦਫਤਰ ਜਾ ਕੇ ਦੇਖਿਆ ਗਿਆ ਤਾਂ ਦਫਤਰ 'ਚ ਸਿਰਫ ਲੇਡੀਜ਼ ਸਟਾਫ ਹੀ ਮੌਜੂਦ ਸੀ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਡੀ. ਐੱਮ. ਓ. ਸਾਹਿਬ ਨੇ ਮੀਟਿੰਗ ਬੁਲਾਈ ਸੀ ਇਸ ਲਈ ਕੁਝ ਕਰਮਚਾਰੀ ਉਥੇ ਗਏ ਹੋਏ ਹਨ ਤੇ ਇਕ ਕੋਰਟ ਕੇਸ ਹੋਣ ਕਾਰਨ ਦੋ ਕਰਮਚਾਰੀ ਕੋਰਟ ਗਏ ਹੋਏ ਹਨ।