ਪਰਾਲੀ ਨੂੰ ਲਾਈ ਅੱਗ ਦੀ ਪੜਤਾਲ ਕਰਨ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਦੀ

10/30/2018 6:47:25 PM

ਧਨੌਲਾ (ਰਵਿੰਦਰ) : ਕੱਟੂ ਪਿੰਡ ਦੇ ਖੇਤਾਂ 'ਚ ਝੋਨੇ ਦੀ ਪਰਾਲੀ ਨੂੰ ਲਾਈ ਅੱਗ ਦੀ ਪੜਤਾਲ ਕਰਨ ਆਏ ਪਟਵਾਰੀ ਅਤੇ ਸੈਕਟਰੀ ਕੋਆਪ੍ਰੇਟਿਵ ਨੂੰ ਕਿਸਾਨਾਂ ਵਲੋਂ ਘੇਰ ਕੇ ਕਮਰੇ 'ਚ ਬੰਦ ਕਰ ਦਿੱਤਾ ਗਿਆ, ਜਿਨ੍ਹਾਂ ਵਲੋਂ ਕੋਈ ਲਿਖਤੀ ਕਾਰਵਾਈ ਨਾ ਕਰਨ ਸਬੰਧੀ ਲਿਖ ਕੇ ਦੇਣ ਉਪਰੰਤ ਛੱਡ ਦਿੱਤਾ ਗਿਆ। ਪਟਵਾਰੀ ਹਰਚਰਨਜੀਤ ਸਿੰਘ ਅਤੇ ਸੈਕਟਰੀ ਕੋਆਪ੍ਰੇਟਿਵ ਸੁਸਾਇਟੀ ਕੱਟੂ ਨੂੰ ਨਾਇਬ ਤਹਿਸੀਲਦਾਰ ਵਲੋਂ ਇਹ ਕਹਿ ਕੇ ਪੜਤਾਲ ਕਰਨ ਭੇਜਿਆ ਸੀ ਕਿ ਸੈਟੇਲਾਈਟ ਰਾਹੀਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕੱਟੂ ਦੇ ਖੇਤਾਂ 'ਚ ਪਰਾਲੀ ਨੂੰ ਅੱਗ ਲਗਾਈ ਗਈ ਹੈ। ਜਿਸ ਸਬੰਧੀ ਉਕਤ ਅਧਿਕਾਰੀ ਸੁਸਾਇਟੀ ਦੇ ਦਫਤਰ 'ਚ ਵਿਚਾਰ-ਵਟਾਂਦਰਾ ਹੀ ਕਰ ਰਹੇ ਸਨ ਕਿ ਇਸ ਦੀ ਭਿਣਕ ਕਿਸਾਨਾਂ ਨੂੰ ਪੈਣ 'ਤੇ ਉਨ੍ਹਾਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸਮੇਤ ਉਨ੍ਹਾਂ ਨੂੰ ਘੇਰ ਕੇ ਬੰਦ ਕਰ ਦਿੱਤਾ। 
ਇਕਾਈ ਪ੍ਰਧਾਨ ਭਾਗ ਸਿੰਘ, ਬਿੰਦਰ ਸਿੰਘ, ਸੁਰਜੀਤ ਸਿੰਘ, ਧੰਨਾ ਸਿੰਘ, ਬਾਬੂ ਹਮੀਰ ਸਿੰਘ, ਭੋਲਾ ਸਿੰਘ ਨੇ ਕਿਹਾ ਕਿ ਸਰਕਾਰ ਨੇ ਪਰਾਲੀ ਦਾ ਕੋਈ ਹੱਲ ਕੀਤੇ ਬਿਨਾਂ ਹੀ ਸਖ਼ਤੀ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਸਾਨੂੰ ਘਿਰਾਓ ਕਰਨਾ ਪਿਆ ਹੈ।