ਪੰਜਾਬੀ ਕੁੜੀਆਂ ਨੂੰ ਹੁਣ ਧੋਖਾ ਨਹੀਂ ਦੇ ਸਕਣਗੇ ਐੱਨ. ਆਰ. ਆਈਜ਼ ਕਿਉਂਕਿ...

08/20/2018 12:27:49 PM

ਮੋਹਾਲੀ (ਰਾਣਾ) : ਪੰਜਾਬ 'ਚ ਆ ਕੇ ਵਿਆਹ ਕਰਨ ਵਾਲੇ ਐੱਨ. ਆਰ. ਆਈ. ਲਾੜਿਆਂ ਦੀ ਹੁਣ ਖੈਰ ਨਹੀਂ, ਅਜਿਹੇ ਲਾੜਿਆਂ ਨੇ ਵਿਆਹ ਤੋਂ ਬਾਅਦ ਹੁਣ ਜੇਕਰ ਸੂਬੇ ਦੀਆਂ ਲੜਕੀਆਂ ਨਾਲ ਧੋਖਾ ਕੀਤਾ ਤਾਂ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਇਹ ਸਾਰੀ ਕਾਰਵਾਈ ਮਹਿਲਾ ਕਮਿਸ਼ਨ ਵਲੋਂ ਕੀਤੀ ਜਾਵੇਗੀ। ਜੇਕਰ ਕੋਈ ਪੀੜਤਾ ਸ਼ਿਕਾਇਤ ਲੈ ਕੇ ਆਉਂਦੀ ਹੈ ਤਾਂ ਕਮਿਸ਼ਨ ਦੇ ਕੋਲ ਕੇਸ ਦਰਜ ਕਰਾਉਣ ਤੋਂ ਲੈ ਕੇ ਉਸ ਦੀ ਜਾਇਦਾਦ ਜ਼ਬਤ ਕਰਨ ਤੱਕ ਦੀ ਪਾਵਰ ਹੈ।
ਪੁਲਸ ਦੀ ਲਾਪਰਵਾਹੀ ਨਾਲ ਭੱਜਣ 'ਚ ਹੁੰਦੇ ਨੇ ਕਾਮਯਾਬ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੁਲਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਐੱਨ. ਆਰ. ਆਈ. ਪੰਜਾਬ 'ਚ ਆ ਕੇ ਵਿਆਹ ਕਰਦੇ ਹਨ ਤੇ ਫਿਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਵਿਦੇਸ਼ ਭੱਜਣ ਦੀ ਤਿਆਰੀ 'ਚ ਲੱਗ ਜਾਂਦੇ ਹਨ। ਇਸ ਦੀ ਸ਼ਿਕਾਇਤ ਪੀੜਤ ਵਲੋਂ ਉਸੇ ਸਮੇਂ ਇਲਾਕਾ ਪੁਲਸ ਨੂੰ ਦੇ ਦਿੱਤੀ ਜਾਂਦੀ ਹੈ ਪਰ ਪੁਲਸ ਦੀ ਲਾਪਰਵਾਹੀ ਕਾਰਨ ਹੀ ਐੱਨ. ਆਰ. ਆਈ. ਵਿਦੇਸ਼ ਭੱਜਣ 'ਚ ਕਾਮਯਾਬ ਹੋ ਜਾਂਦੇ ਹਨ। ਜੇਕਰ ਪੁਲਸ ਥੋੜ੍ਹੀ ਜਿਹੀ ਵੀ ਚੌਕਸੀ ਦਿਖਾਵੇ ਤਾਂ ਉਸ ਨੂੰ ਵਿਦੇਸ਼ ਭੱਜਣ ਤੋਂ ਪਹਿਲਾਂ ਹੀ ਪੰਜਾਬ 'ਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਉੱਥੇ ਹੀ ਚੇਅਰਪਰਸਨ ਨੇ ਕਿਹਾ ਕਿ ਵੁਮੈਨ ਸੈੱਲ ਤੋਂ ਮਹਿਲਾ ਇੰਚਾਰਜ ਨੂੰ ਹਟਾਉਣ ਸਬੰਧੀ ਵੀ ਉਨ੍ਹਾਂ ਦੀ ਛੇਤੀ ਹੀ ਪੁਲਸ ਵਿਭਾਗ ਦੇ ਸੀਨੀਅਰ ਅਧਿਕਾਰੀ ਨਾਲ ਮੀਟਿੰਗ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਸਿਵਲ ਕੋਰਟ ਦੀਆਂ ਸਾਰੀਆਂ ਪਾਵਰਾਂ ਹਨ, ਜਿਸ ਕਾਰਨ ਜੇਕਰ ਐੱਨ. ਆਰ. ਆਈ. ਤੀਸੇਰ ਨੋਟਿਸ ਤੋਂ ਬਾਅਦ ਵੀ ਨਾ ਪੇਸ਼ ਹੋਵੇ ਤਾਂ ਉਸ ਦੇ ਵਾਰੰਟ ਤੱਕ ਕੱਢੇ ਜਾ ਸਕਦੇ ਹਨ।