ਨੋਟਬੰਦੀ ਦੇਸ਼ ਦੇ ਹਿੱਤ ''ਚ ਲਿਆ ਗਿਆ ਸਹੀ ਫੈਸਲਾ : ਸੋਮ ਪ੍ਰਕਾਸ਼ ਕੈਂਥ

11/10/2017 3:26:15 AM

ਫਗਵਾੜਾ,   (ਰੁਪਿੰਦਰ ਕੌਰ, ਜਲੋਟਾ)-  ਫਗਵਾੜਾ ਦੇ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਨੇ ਕਿਹਾ ਕਿ ਕੈਪਟਨ ਸਰਕਾਰ ਦੁਆਰਾ ਹਾਲ ਹੀ 'ਚ ਫਗਵਾੜਾ ਦੇ ਵਿਕਾਸ ਨਾਲ ਸਬੰਧਿਤ ਜਨਤਾ ਦੇ ਹਿੱਤਾਂ ਨੂੰ ਸਮਰਪਿਤ ਲਏ ਗਏ ਕੁਝ ਅਹਿਮ ਫੈਸਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਨਗਰ ਨਿਗਮ ਨੂੰ ਭੇਜੀ ਜਾ ਰਹੀ 11 ਕਰੋੜ 68 ਲੱਖ ਰੁਪਏ ਅਤੇ 34 ਕਰੋੜ ਰੁਪਏ ਦੀ ਰਕਮ ਪੱਕੇ ਤੌਰ 'ਤੇ ਉਨ੍ਹਾਂ ਵਿਕਾਸ ਕੰਮਾਂ ਨੂੰ ਪੂਰਾ ਕਰਨ 'ਤੇ ਖਰਚ ਹੋਵੇਗੀ, ਜੋ ਵਰਤਮਾਨ 'ਚ ਕੰਮ ਚੱਲ ਰਹੇ ਹਨ ਅਤੇ ਕਿਸੇ ਕਾਰਨ ਕਰਕੇ ਇਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ। 
ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ 'ਚ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨਾਲ ਮੇਅਰ ਅਰੁਣ ਖੋਸਲਾ ਅਤੇ ਹੋਰ ਕੌਂਸਲਰਾਂ ਦੀ ਹਾਜ਼ਰੀ 'ਚ ਮੀਟਿੰਗ ਵੀ ਕੀਤੀ ਗਈ। ਸੋਮ ਪ੍ਰਕਾਸ਼ ਨੇ ਕਿਹਾ ਕਿ ਜਿਸ ਤਰਜ਼ 'ਤੇ ਪੰਜਾਬ 'ਚ ਕੈਪਟਨ ਸਰਕਾਰ ਦੇ ਰਾਜ 'ਚ ਪੰਜਾਬ ਪੁਲਸ ਨੇ ਲੰਬੇ ਸਮੇਂ ਤੋਂ ਵੱਡਾ ਰਹੱਸ ਬਣੇ ਹੋਏ ਕਈ ਹਿੰਦੂ ਨੇਤਾਵਾਂ ਦੀਆਂ ਪਹਿਲਾਂ ਹੋਈਆਂ ਹੱਤਿਆਵਾਂ ਦੇ ਮਾਮਲਿਆਂ ਨੂੰ ਸੁਲਝਾਉਂਦਿਆਂ ਹੋਇਆਂ ਦੋਸ਼ੀਆਂ ਨੂੰ ਅਤੇ ਉਨ੍ਹਾਂ ਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਆਈ. ਐੱਸ. ਆਈ. ਦੀ ਸਾਜ਼ਿਸ਼ ਦਾ ਭਾਂਡਾ ਭੰਨਿਆ ਹੈ, ਉਹ ਬਹੁਤ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ 'ਚ ਕੁਝ ਸਮਾਂ ਪਹਿਲਾਂ ਨਿਗਮ ਦੇ ਬੂਥਾਂ ਤੇ ਦੁਕਾਨਾਂ ਨੂੰ ਲੈ ਕੇ ਹੋਈ ਘਪਲੇਬਾਜ਼ੀ, ਜਿਸ ਦੀ ਮੀਡੀਆ 'ਚ ਵੀ ਭਾਰੀ ਚਰਚਾ ਰਹੀ ਸੀ, ਪੱਕੇ ਤੌਰ 'ਤੇ ਨਿਗਮ 'ਚ ਹੋਇਆ ਵੱਡਾ ਘਪਲਾ ਹੈ। ਇਸ ਦੇ ਸਬੰਧ 'ਚ ਕੈਪਟਨ ਸਰਕਾਰ ਵਲੋਂ ਲਏ ਗਏ ਫੈਸਲੇ ਦਾ ਉਹ ਸਮਰਥਨ ਕਰਦੇ ਹਨ। ਇਸ ਦੇ ਤਹਿਤ ਹੁਣ ਉਕਤ ਬੇਸ਼ਕੀਮਤੀ ਕਰੋੜਾਂ ਦੀਆਂ ਦੁਕਾਨਾਂ ਦਾ ਦੁਬਾਰਾ ਨਗਰ ਨਿਗਮ ਵਲੋਂ ਸਰਵੇ ਕੀਤਾ ਜਾਵੇਗਾ। ਨੋਟਬੰਦੀ ਨੂੰ ਦੇਸ਼ ਹਿੱਤ 'ਚ ਲਿਆ ਗਿਆ ਸਹੀ ਫੈਸਲਾ ਕਰਾਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਨੋਟਬੰਦੀ ਦਾ ਅੱਜ ਵੀ ਪਹਿਲਾਂ ਜਿੰਨਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਨਿਗਮ ਨੂੰ ਆਪਣੇ ਕੰਮਾਂ ਨੂੰ ਪੂਰਾ ਕਰਨ ਲਈ ਕਿਸੇ ਲੋਕਲ ਸਰਕਾਰੀ ਅਧਿਕਾਰੀਆਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਬੰਗਾ ਰੋਡ 'ਤੇ ਬੀਤੇ ਦਿਨੀਂ ਪਾਰਕਿੰਗ ਦੇ ਕੀਤੇ ਉਦਘਾਟਨ ਨੂੰ ਸਹੀ ਕਰਾਰ ਦਿੱਤਾ। ਇਸ ਮੌਕੇ ਮੇਅਰ ਅਰੁਣ ਖੋਸਲਾ, ਸੀਨੀਅਰ ਭਾਜਪਾ ਨੇਤਾ ਰਕੇਸ਼ ਦੁੱਗਲ,  ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ, ਅਕਾਲੀ ਆਗੂ ਸਰਵਣ ਸਿੰਘ ਕੁਲਾਰ ਆਦਿ ਹਾਜ਼ਰ ਸਨ।