ਉੱਤਰੀ ਭਾਰਤ ਦੀ ਵੱਡੀ ਦਾਣਾ ਮੰਡੀ ਰਈਆ ''ਚ ਬਾਸਮਤੀ 2445 ਤੇ ਪਰਮਲ 1445 ਰੁਪਏ ਤੱਕ ਵਿਕੀ

09/23/2017 4:32:05 PM

ਰਈਆ (ਦਿਨੇਸ਼) - ਉੱਤਰੀ ਭਾਰਤ ਦੀ ਵੱਡੀ ਗਿਣੀ ਜਾਂਦੀ ਦਾਣਾ ਮੰਡੀ ਰਈਆ ਵਿਖੇ ਝੋਨੇ ਦੀ ਫਸਲ ਦੀ ਆਮਦ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਚੁੱਕੀ ਹੈ, ਜਿਥੇ ਕਿ ਬਾਸਮਤੀ ਦੀ 1509 ਕਿਸਮ ਤੇ ਪਰਮਲ ਜ਼ੋਰਾਂ-ਸ਼ੋਰਾਂ ਨਾਲ ਵਿਕ ਰਹੀ ਹੈ। ਅੱਜ ਦੀ ਦਾਣਾ ਮੰਡੀ ਰਈਆ ਵਿਖੇ ਹੋਈ ਖਰੀਦ ਵਿਚ ਬਾਸਮਤੀ 1509 ਦਾ ਭਾਅ 2445 ਰੁਪਏ ਪ੍ਰਤੀ ਕੁਇੰਟਲ ਤੱਕ ਲੱਗ ਚੁੱਕਾ ਹੈ ਜੋ ਕਿ ਪਿਛਲੇ ਸਾਲ ਕਰੀਬ 1850-1900 ਰੁਪਏ ਤੱਕ ਰਿਹਾ ਸੀ ਤੇ ਪਰਮਲ ਦਾ ਭਾਅ ਵੀ ਅੱਜ 1445 ਤੱਕ ਲੱਗਾ ਹੈ, ਜੋ ਕਿ ਬੀਤੇ ਵਰ੍ਹੇ 1250-1300 ਰੁਪਏ ਪ੍ਰਤੀ ਕੁਇੰਟਲ ਤੱਕ ਹੀ ਰਿਹਾ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਆੜ੍ਹਤੀਆ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਰਾਜੀਵ ਕੁਮਾਰ ਰਾਜੂ ਭੰਡਾਰੀ ਨੇ ਦੱਸਿਆ ਕਿ ਇਸ ਵਾਰ ਬਾਸਮਤੀ 1509 ਦਾ ਝਾੜ 23 ਤੋਂ 25 ਕੁਇੰਟਲ ਤੇ ਪਰਮਲ ਦਾ ਝਾੜ 28 ਤੋਂ 30 ਕੁਇੰਟਲ ਤੱਕ ਨਿਕਲ ਰਿਹਾ ਹੈ ਜੋ ਕਿ ਪਿਛਲੇ ਸਾਲ ਨਾਲੋਂ 2 ਕੁਇੰਟਲ ਤੋਂ ਵੀ ਵਧੇਰੇ ਹੈ।
ਮੰਡੀ ਵਿਚ ਆਏ ਕਿਸਾਨ ਪ੍ਰਭਜੀਤ ਸਿੰਘ ਵਾਸੀ ਪਿੰਡ ਰਾਮਪੁਰ ਤੇ ਕਰਨੈਲ ਸਿੰਘ ਵਾਸੀ ਪਿੰਡ ਉੱਪਲ ਨੇ ਦੱਸਿਆ ਕਿ ਇਸ ਵਾਰ ਇਕ ਤਾਂ ਬੇਮੌਸਮੀ ਬਾਰਿਸ਼ ਨਹੀਂ ਹੋਈ ਤੇ ਦੂਜਾ ਜਿੰਨੀ ਵੀ ਬਾਰਿਸ਼ ਹੋਈ ਉਹ ਕਿਸਾਨ ਦੀ ਫਸਲ ਦੀ ਲੋੜ ਅਨੁਸਾਰ ਹੀ ਹੋਈ ਅਤੇ ਪਹਿਲਾਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਕਿਸਾਨ ਨੂੰ ਇਹ ਵਰ੍ਹਾ ਆਰਥਿਕ ਤੌਰ 'ਤੇ ਲਾਹੇਵੰਦ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਮੇਂ ਸਿਰ ਹੋਈ ਬਰਸਾਤ ਕਾਰਨ ਪਿਛਲੇ ਸਾਲਾਂ ਨਾਲੋਂ ਇਕ ਪਾਸੇ ਝਾੜ ਵੀ ਵੱਧ ਰਿਹਾ ਹੈ ਤੇ ਦੂਜੇ ਪਾਸੇ ਕੁਆਲਟੀ ਵਧੀਆ ਹੋਣ ਕਾਰਨ ਭਾਅ ਵਿਚ ਵੀ ਵਾਧਾ ਮਿਲ ਰਿਹਾ ਹੈ, ਜਿਸ ਕਾਰਨ ਮਿਹਨਤ ਕਰਨ ਵਾਲੇ ਕਿਸਾਨ ਦੇ ਸਿਰੋਂ ਇਸ ਵਾਰ ਕਰਜ਼ੇ ਦਾ ਕਾਫੀ ਬੋਝ ਹਲਕਾ ਹੁੰਦਾ ਨਜ਼ਰ ਆ ਰਿਹਾ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਇਸ ਵਾਰ ਬਾਸਮਤੀ ਹੇਠ ਰਕਬਾ 4.5 ਲੱਖ ਹੈਕਟੇਅਰ ਹੈ, ਜਦੋਂਕਿ ਪਿਛਲੇ ਸਾਲ 7.60 ਲੱਖ ਹੈਕਟੇਅਰ ਸੀ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਨੂੰ ਬਾਸਮਤੀ ਹੇਠ ਰਕਬਾ 5 ਲੱਖ ਹੈਕਟੇਅਰ ਤੋਂ ਹੇਠਾਂ ਲੈ ਕੇ ਆਉਣ ਦੀ ਅਪੀਲ ਕੀਤੀ ਸੀ। ਜੇਕਰ ਗੱਲ ਸਮੁੱਚੇ ਭਾਰਤ ਦੀ ਕਰੀਏ ਤਾਂ ਭਾਰਤ ਵਿਚ ਬਾਸਮਤੀ ਦੀ ਵਧੇਰੇ ਖੇਤੀ ਕਰਨ ਵਾਲੇ ਪੰਜਾਬ ਤੇ ਹਰਿਆਣਾ ਦੋ ਵੱਡੇ ਰਾਜ ਹਨ, ਜਦੋਂਕਿ ਪੰਜਾਬ ਵਿਚ ਬਾਸਮਤੀ ਦੀ ਜ਼ਿਆਦਾ ਖੇਤੀ ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ਜ਼ਿਲਿਆਂ ਭਾਵ ਮਾਝੇ ਵਿਚ ਸਾਰੇ ਪੰਜਾਬ ਨਾਲੋਂ ਵੱਧ ਹੁੰਦੀ ਹੈ। ਇਸੇ ਤਰ੍ਹਾਂ ਇਕੱਲੇ ਤਰਨਤਾਰਨ ਜ਼ਿਲੇ ਵਿਚ 1.75 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਖੇਤੀ ਕੀਤੀ ਜਾਂਦੀ ਸੀ, ਜੋ ਕਿ 2016 ਵਿਚ 1.07 ਲੱਖ ਹੈਕਟੇਅਰ ਰਹਿ ਗਈ ਸੀ ਤੇ ਇਸ ਵਾਰ ਘੱਟ ਕੇ ਸਿਰਫ 40 ਹਜ਼ਾਰ ਹੈਕਟੇਅਰ ਹੀ ਰਹਿ ਗਈ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲਿਆਂ ਵਿਚ ਵੀ ਇਹ ਰਕਬਾ ਹੁਣ 40 ਫੀਸਦੀ ਘੱਟ ਗਿਆ ਹੈ, ਜਿਸ ਕਾਰਨ ਇਸ ਵਾਰ ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਵਾਰੇ-ਨਿਆਰੇ ਹੋਣ ਦੀ ਬਹੁਤ ਆਸ ਹੈ।