ਨਾਰਥ-ਈਸਟ ''ਚ ਭਾਜਪਾ ਦੀਆਂ ਵਧੀਆਂ ਮੁਸ਼ਕਲਾਂ

02/01/2019 5:44:13 PM

ਜਲੰਧਰ (ਮਹਿੰਦਰ ਠਾਕੁਰ)—ਨਾਰਥ-ਈਸਟ ਦੀਆਂ ਚੱਕਰਧਾਰ ਪਹਾੜੀਆਂ ਦੇ ਸਿਆਸੀ ਮਿਜਾਜ਼ ਵਿਚ 'ਕਮਲ' ਖਿੜਾਉਣ ਲਈ ਭਾਜਪਾ ਦੀ ਹਸਰਤ ਜ਼ਮੀਨ 'ਤੇ ਉਤਰਦੀ ਨਜ਼ਰ ਨਹੀਂ ਆ ਰਹੀ। ਭਾਜਪਾ ਨੇ ਆਸਾਮ ਨੂੰ ਛੱਡ ਕੇ ਨਾਰਥ-ਈਸਟ ਦੇ ਜਿਨ੍ਹਾਂ 6 ਹੋਰਨਾਂ ਸੂਬਿਆਂ ਵਿਚ 9 ਖੇਤਰੀ ਪਾਰਟੀਆਂ ਦਾ ਪੱਲਾ ਫੜ ਕੇ ਆਪਣੀ ਸਿਆਸੀ ਕਿਸ਼ਤੀ ਪਾਰ ਲਾਉਣ ਬਾਰੇ ਸੋਚੀ ਸੀ, ਹੁਣ ਉਹੀ ਪਾਰਟੀਆਂ ਭਾਜਪਾ ਦੀ ਕਿਸ਼ਤੀ ਨੂੰ ਡੁਬਾਉਣ ਲਈ ਤੁਲ ਗਈਆਂ ਹਨ। 
ਇਸ ਨੂੰ ਭਾਜਪਾ ਦੀ ਮਾੜੀ ਕਿਸਮਤ ਕਹੀਏ ਜਾਂ ਕੁਝ ਹੋਰ ਕਿ ਜਿਸ ਰਾਸ਼ਟਰੀ ਨਾਗਰਿਕਤਾ ਐਕਟ ਨੂੰ ਢਾਲ ਬਣਾ ਕੇ ਪਾਰਟੀ ਨੇ ਨਾਰਥ-ਈਸਟ ਵਿਚ ਆਪਣਾ ਸਿਆਸੀ ਆਧਾਰ ਬਣਾਇਆ, ਅੱਜ ਉਹੀ ਐਕਟ ਉਸ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਬਣ ਗਿਆ ਹੈ।

ਅਸਲ ਵਿਚ ਭਾਜਪਾ ਨੂੰ ਇਹ ਅਹਿਸਾਸ ਪਹਿਲਾਂ ਤੋਂ ਹੀ ਸੀ ਕਿ 2019 ਦੇ ਸਿਆਸੀ ਰਣ ਖੇਤਰ ਵਿਚ ਹਿੰਦੀ ਭਾਸ਼ਾਈ ਸੂਬਿਆਂ ਵਿਚ ਜੋ ਨੁਕਸਾਨ ਹੋਵੇਗਾ, ਪਾਰਟੀ ਉਸ ਦੀ ਪੂਰਤੀ ਨਾਰਥ-ਈਸਟ ਅਤੇ ਹੋਰ ਗੈਰ-ਹਿੰਦੀ ਭਾਸ਼ਾਈ ਸੂਬਿਆਂ ਵਿਚ ਕਰ ਲਏਗੀ। ਇਸੇ ਲਈ ਪਾਰਟੀ ਨੇ ਹਮੇਸ਼ਾ ਉਸ ਦੀ ਪਹੁੰਚ ਤੋਂ ਦੂਰ ਰਹੇ ਨਾਰਥ-ਈਸਟ ਨੂੰ ਫਤਿਹ ਕਰਨ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ। ਇਸ ਲਈ ਭਾਜਪਾ ਨੇ ਆਪਣੇ ਸਭ ਤੋਂ ਯੋਗ, ਚੋਟੀ ਦੇ ਰਣਨੀਤੀਕਾਰ ਅਤੇ ਚੋਣ ਪ੍ਰਬੰਧਾਂ ਨੂੰ ਸਮਝਣ ਵਿਚ ਸਮਰੱਥ ਰਾਮ ਮਾਧਵ ਨੂੰ ਉਤਾਰਿਆ। 

ਰਾਮ ਮਾਧਵ ਨੇ ਗਠਜੋੜ ਦੀ ਸਿਆਸਤ ਦਾ ਪੱਲਾ ਫੜ ਕੇ ਉਥੇ ਸਥਾਨਕ ਪਾਰਟੀਆਂ ਨੂੰ ਆਪਣੇ ਪਾਲੇ ਵਿਚ ਕਰਨ ਦੀ ਮੁਹਿੰਮ ਛੇੜੀ। ਇਸ ਸਬੰਧੀ ਉਨ੍ਹਾਂ ਨੂੰ ਇੰਨੀ ਭਾਰੀ ਸਫਲਤਾ ਮਿਲੀ ਕਿ ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ 9 ਪਾਰਟੀਆਂ ਨਾਲ ਗੱਲਬਾਤ ਕਰ ਕੇ ਨਾਰਥ-ਈਸਟ ਡੈਮੋਕ੍ਰੇਟਿਕ ਅਲਾਇੰਸ ਨਾਂ ਦਾ ਸੰਗਠਨ ਬਣਾ ਲਿਆ। ਉਨ੍ਹਾਂ ਦਾ ਇਹ ਤਜਰਬਾ ਇੰਨਾ ਸਟੀਕ ਬੈਠਾ ਕਿ ਉਕਤ ਸਥਾਨਕ ਖੇਤਰੀ ਪਾਰਟੀਆਂ ਦੇ ਦਮ 'ਤੇ ਭਾਜਪਾ ਪਲਾਂ ਵਿਚ ਹੀ ਸਮੁੱਚੇ ਉੱਤਰ-ਪੂਰਬ ਦੀ ਸੱਤਾ ਵਿਚ ਪ੍ਰਮੁੱਖ ਭਾਈਵਾਲ ਬਣ ਬੈਠੀ ਪਰ ਹੁਣ ਨਾਗਰਿਕਤਾ ਬਿੱਲ ਦੇ ਮੁੱਦੇ ਨੇ ਉੱਤਰ-ਪੂਰਬ ਵਿਚ ਭਾਜਪਾ ਦਾ ਰਾਹ ਬਹੁਤ ਔਖਾ ਬਣਾ ਦਿੱਤਾ ਹੈ। ਭਾਜਪਾ ਜਿਨ੍ਹਾਂ ਪਾਰਟੀਆਂ ਨੂੰ ਢਾਲ ਬਣਾ ਕੇ ਉੱਤਰ-ਪੂਰਬ 'ਤੇ ਕਬਜ਼ਾ ਕਰਨਾ ਚਾਹੁੰਦੀ ਸੀ, ਹੁਣ ਉਹੀ ਪਾਰਟੀਆਂ ਭਾਜਪਾ ਦੇ ਵਿਰੁੱਧ ਹੋ ਗਈਆਂ ਹਨ।

ਭਾਜਪਾ-8 ਸੀਟਾਂ, ਕਾਂਗਰਸ-8, ਹੋਰ-9, ਕੁੱਲ ਸੀਟਾਂ 25

ਇਹ ਪਾਰਟੀਆਂ ਕਰ ਰਹੀਆਂ ਹਨ ਵਿਰੋਧ
ਮਿਜ਼ੋ ਨੈਸ਼ਨਲ ਫਰੰਟ, ਯੂਨਾਈਟਿਡ ਡੈਮੋਕ੍ਰੇਟਿਕ ਪਾਰਟੀ, ਆਸਾਮ ਗਣ ਪ੍ਰੀਸ਼ਦ, ਨਾਗਾ ਪੀਪਲਜ਼ ਫਰੰਟ, ਨੈਸ਼ਨਲ ਪੀਪਲਜ਼ ਪਾਰਟੀ, ਨੈਸ਼ਨਲ ਡੈਮੋਕ੍ਰੇਟਿਕ ਪ੍ਰੋਗ੍ਰੈਸਿਵ ਪਾਰਟੀ, ਹਿਲ ਸਟੇਟ ਪੀਪਲਜ਼ ਡੈਮੋਕ੍ਰੇਟਿਕ ਪਾਰਟੀ, ਪੀਪਲਜ਼ ਡੈਮੋਕ੍ਰੇਟਿਕ ਫਰੰਟ, ਇੰਡੀਜੀਨਸ ਪੀਪਲਜ਼ ਫਰੰਟ ਆਫ ਤ੍ਰਿਪੁਰਾ ਅਤੇ ਕੇ. ਐੱਚ. ਐੱਨ. ਏ. ਐੱਮ. ਵਿਰੋਧ ਵਿਚ ਸ਼ਾਮਲ ਹਨ। 

ਭਾਜਪਾ ਨੇ ਮਾਧਵ ਨੂੰ ਸੌਂਪੀ ਜ਼ਿੰਮੇਵਾਰੀ
ਉੱਤਰ-ਪੂਰਬ ਵਿਚ ਆਪਣੇ ਸਹਿਯੋਗੀਆਂ ਅਤੇ ਮਿੱਤਰ ਪਾਰਟੀਆਂ ਦੇ ਪ੍ਰਦਰਸ਼ਨ ਤੋਂ ਪ੍ਰੇਸ਼ਾਨ ਭਾਜਪਾ ਨੇ ਸਿਟੀਜ਼ਨਸ਼ਿਪ ਬਿੱਲ ਦੇ ਮੁੱਦੇ 'ਤੇ ਵਿਚਕਾਰਲਾ ਰਾਹ ਲੱਭਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਨਾਰਾਜ਼ਗੀ ਨੂੰ ਦੂਰ ਕਰਨ ਲਈ ਪਾਰਟੀ ਦੇ ਜਨਰਲ ਸਕੱਤਰ ਅਤੇ ਇਸ ਖੇਤਰ ਦੇ ਇੰਚਾਰਜ ਰਾਮ ਮਾਧਵ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਅਗਪ ਪਹਿਲਾਂ ਹੀ ਛੱਡ ਚੁੱਕੀ ਹੈ ਪੱਲਾ
ਸੀਟਾਂ ਪੱਖੋਂ ਉੱਤਰ-ਪੂਰਬ ਦੇ ਸਭ ਤੋਂ ਵੱਡੇ ਸੂਬੇ ਆਸਾਮ ਵਿਚ ਭਾਜਪਾ ਦੀ ਅਹਿਮ ਸਹਿਯੋਗੀ ਆਸਾਮ ਗਣ ਪ੍ਰੀਸ਼ਦ (ਅਗਪ) ਪਹਿਲਾਂ ਹੀ ਆਪਣੀ ਹਮਾਇਤ ਵਾਪਸ ਲੈ ਕੇ ਭਾਜਪਾ ਦਾ ਪੱਲਾ ਛੱਡ ਚੁੱਕੀ ਹੈ।

ਕਿਉਂ ਹੋ ਰਿਹੈ ਵਿਰੋਧ
ਉੱਤਰ-ਪੂਰਬ ਦੀਆਂ  ਵੱਖ-ਵੱਖ ਖੇਤਰੀ ਪਾਰਟੀਆਂ ਨਾਗਰਿਕਤਾ ਬਿੱਲ ਨੂੰ ਲੈ ਕੇ ਆਪਣਾ ਵਿਰੋਧ ਪ੍ਰਗਟ ਕਰ ਰਹੀਆਂ ਹਨ ਕਿਉਂਕਿ ਇਨ੍ਹਾਂ ਪਾਰਟੀਆਂ ਦਾ ਇਹ ਮੰਨਣਾ ਹੈ ਕਿ ਉਕਤ ਬਿੱਲ ਉਨ੍ਹਾਂ ਦੀ ਸੱਭਿਆਚਾਰਕ, ਸਮਾਜਿਕ ਅਤੇ ਭਾਸ਼ਾਈ ਪਛਾਣ ਨਾਲ ਛੇੜਛਾੜ ਹੈ। ਇਸ ਦੇ ਨਾਲ ਹੀ ਇਸ ਬਿੱਲ ਨੂੰ ਲੈ ਕੇ ਦੂਜੀ ਵੱਡੀ ਚਿੰਤਾ ਇਹ ਵੀ ਹੈ ਕਿ ਲਾਗੂ ਹੋਣ 'ਤੇ ਇਹ ਰਾਸ਼ਟਰੀ ਨਾਗਰਿਕ ਰਜਿਸਟਰ ਅਧੀਨ ਪਛਾਣੇ ਗਏ ਅਤੇ ਭਾਰਤ ਵਿਚ ਰਹਿ ਰਹੇ ਗੈਰ-ਕਾਨੂੰਨੀ ਵਿਅਕਤੀਆਂ ਦੇ ਅਪਡੇਟ ਨੂੰ ਵੀ ਜ਼ੀਰੋ ਕਰ ਦੇਵੇਗਾ। 

ਦੱਖਣ 'ਚ ਵੀ ਭਾਜਪਾ ਦੀ ਟੁੱਟੀ ਉਮੀਦ
ਆਲ ਇੰਡੀਆ ਅੰਨਾ ਡੀ. ਐੱਮ. ਕੇ. ਵਲੋਂ ਇਕੱਲਿਆਂ ਚੋਣਾਂ ਦੇ ਐਲਾਨ ਪਿੱਛੋਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਵਿਚ ਜੁਟੀ ਹੋਈ ਭਾਜਪਾ ਦੇ ਦੱਖਣ ਭਾਰਤ ਮਿਸ਼ਨ ਨੂੰ ਵੀ ਜ਼ੋਰਦਾਰ ਝਟਕਾ ਲੱਗਾ ਹੈ।  ਅਸਲ ਵਿਚ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਦਿਹਾਂਤ ਪਿੱਛੋਂ ਖਿੱਲਰੀ ਹੋਈ ਪਾਰਟੀ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਲੋਕ ਸਭਾ ਦੀਆਂ ਚੋਣਾਂ ਵਿਚ ਭਾਜਪਾ ਗਠਜੋੜ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਉਮੀਦ ਵੀ ਸੀ ਕਿ ਇਥੇ ਉਸ ਦੀ ਗੱਲ ਬਣ ਜਾਏਗੀ ਪਰ ਇੰਝ ਨਹੀਂ ਹੋਇਆ।

Shyna

This news is Content Editor Shyna