ਕਲਯੁਗੀ ਪਿਓ ਨੇ ਹੀ ਉਤਾਰਿਆ ਸੀ ਮਾਸੂਮ ਧੀ ਨੂੰ ਮੌਤ ਦੇ ਘਾਟ

02/08/2019 10:45:27 AM

ਨੂਰਪੁਰਬੇਦੀ (ਭੰਡਾਰੀ) : ਕਰੀਬ ਇਕ ਮਹੀਨਾ ਪਹਿਲਾਂ ਸਥਾਨਕ ਬੰਗਾਲਾ ਬਸਤੀ ਦੀ ਸਾਢੇ 5 ਸਾਲਾ ਮਾਸੂਮ ਖੁਸ਼ੀ ਨਾਮੀ ਬੱਚੀ ਦੇ ਅਗਵਾ ਹੋਣ ਦਾ ਮਾਮਲਾ ਅੱਜ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਪੁਲਸ ਨੇ ਲਾਪਤਾ ਹੋਈ ਲੜਕੀ ਦੇ ਪਿਤਾ ਦੀ ਨਿਸ਼ਾਨਦੇਹੀ 'ਤੇ ਉਸ ਦੀ ਇਕ ਸੁੰਨਸਾਨ ਖੂਹ 'ਚੋਂ ਲਾਸ਼ ਬਰਾਮਦ ਕਰ ਲਈ। 

ਡੀ.ਐੱਸ.ਪੀ. ਅਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਨੇ ਅੱਜ ਸਥਾਨਕ ਥਾਣੇ ਵਿਖੇ ਪੱਤਰਕਾਰਾਂ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੜਕੀ ਖੁਸ਼ੀ ਲੋਹੜੀ ਦੀ ਰਾਤ ਨੂੰ ਬੰਗਾਲਾ ਬਸਤੀ ਤੋਂ ਅਚਾਨਕ ਗਾਇਬ ਹੋ ਗਈ ਸੀ, ਜਿਸ 'ਤੇ ਲੜਕੀ ਦੇ ਪਿਤਾ ਵਲੋਂ ਅਗਲੇ ਦਿਨ ਦਰਜ ਕਰਵਾਏ ਗਏ ਬਿਆਨਾਂ 'ਤੇ ਨਾਮਾਲੂਮ ਵਿਅਕਤੀਆਂ ਖਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਕਈ ਦਿਨਾਂ ਤੋਂ ਲਾਪਤਾ ਲੜਕੀ ਦੇ ਮਾਮਲੇ 'ਚ ਸੀ.ਆਈ.ਏ.-2 ਦੇ ਇੰਚਾਰਜ ਅਮਰਵੀਰ ਸਿੰਘ, ਥਾਣਾ ਕੀਰਤਪੁਰ ਦੇ ਐੱਸ.ਐੱਚ.ਓ. ਸੰਨੀ ਖੰਨਾ ਤੇ ਨੂਰਪੁਰਬੇਦੀ ਪੁਲਸ ਦੇ ਅਧਿਕਾਰੀ ਲੜਕੀ ਦੀ ਭਾਲ ਲਈ ਦਿਨ-ਰਾਤ ਜੁਟੇ ਹੋਏ ਸਨ। 

ਪੁਲਸ ਅਧਿਕਾਰੀਆਂ ਵਲੋਂ ਕੀਤੀ ਗਈ ਸਖਤ ਪੁੱਛਗਿੱਛ ਦੌਰਾਨ ਲੜਕੀ ਦੇ ਪਿਤਾ ਸੰਜੀਤ ਨੇ ਕਬੂਲਿਆ ਕਿ ਉਨ੍ਹਾਂ ਦੇ ਕੋਈ ਵੀ ਔਲਾਦ ਨਹੀਂ ਸੀ, ਜਿਸ ਕਾਰਨ ਉਸ ਦੀ ਪਤਨੀ ਰੀਟਾ ਨੇ ਆਪਣੇ ਭਰਾ ਤੋਂ ਲੜਕੀ ਖੁਸ਼ੀ ਨੂੰ ਗੋਦ ਲਿਆ ਹੋਇਆ ਸੀ ਜਦਕਿ ਮੇਰੇ ਵਲੋਂ ਆਪਣੇ ਭਰਾ ਤੋਂ ਇਕ ਲੜਕੇ ਨੂੰ ਗੋਦ ਲਿਆ ਹੋਇਆ ਸੀ। ਮੇਰੀ ਪਤਨੀ ਰੀਟਾ ਲੜਕੀ ਖੁਸ਼ੀ ਨੂੰ ਲੜਕੇ ਨਾਲੋਂ ਜ਼ਿਆਦਾ ਪਿਆਰ ਕਰਦੀ ਸੀ ਜੋ ਮੇਰੇ ਤੋਂ ਸਹਿਣ ਨਹੀਂ ਹੋ ਸਕਿਆ। ਡੀ.ਐੱਸ.ਪੀ. ਕਾਹਲੋਂ ਅਨੁਸਾਰ ਲੜਕੀ ਦੇ ਪਿਤਾ ਸੰਜੀਤ ਨੇ ਮੰਨਿਆ ਕਿ ਉਸ ਨੇ ਲੋਹੜੀ ਵਾਲੀ ਰਾਤ ਨੂੰ ਹੀ ਲੜਕੀ ਨੂੰ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਤੇ ਬਾਅਦ 'ਚ ਬਸਤੀ 'ਚ ਹੀ ਸਥਿਤ ਸੁੰਨਸਾਨ ਇਕ ਖੂਹ 'ਚ ਲੜਕੀ ਦੀ ਲਾਸ਼ ਨੂੰ ਸੁੱਟ ਕੇ ਕੱਪੜਿਆਂ ਨਾਲ ਢਕ ਦਿੱਤਾ ਸੀ ਤੇ ਅਗਵਾ ਹੋਣ ਦਾ ਝੂਠਾ ਮਾਮਲਾ ਰਚ ਕੇ ਪੁਲਸ ਨੂੰ ਗੁੰਮਰਾਹ ਕੀਤਾ ਗਿਆ। ਪੁੱਛਗਿੱਛ ਉਪਰੰਤ ਲੜਕੀ ਦੇ ਪਿਉ ਦੀ ਨਿਸ਼ਾਨਦੇਹੀ 'ਤੇ ਨਾਇਬ ਤਹਿਸੀਲਦਾਰ ਨੂਰਪੁਰਬੇਦੀ ਸੁਸ਼ੀਲ ਕੁਮਾਰ ਸ਼ਰਮਾ ਦੀ ਹਾਜ਼ਰੀ 'ਚ ਪੁਲਸ ਵਲੋਂ ਬੱਚੀ ਦੀ ਲਾਸ਼ ਨੂੰ ਖੂਹ 'ਚੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। 

Baljeet Kaur

This news is Content Editor Baljeet Kaur