ਕੰਮ ਨਾ ਕਰਨ ਵਾਲੇ ਪੰਜਾਬ ਦੇ ਮੰਤਰੀਆਂ ਦੀ ਛੁੱਟੀ ਦੀ ਤਿਆਰੀ!

01/19/2018 11:56:39 AM

ਚੰਡੀਗੜ੍ਹ : ਕੈਬਨਿਟ ਵਿਸਥਾਰ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਦਾ ਧਿਆਨ ਪੰਜਾਬ ਲੀਡਰਸ਼ਿਪ ਦੇ ਘਟੀਆ ਕਾਰਗੁਜ਼ਾਰੀ ਵਾਲੇ ਮੰਤਰੀਆਂ ਵੱਲ ਹੋ ਗਿਆ ਹੈ। ਰਾਣਾ ਗੁਰਜੀਤ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਪੰਜਾਬ ਇਕਾਈ ਨੂੰ ਸਾਰੇ ਵਿਭਾਗਾਂ 'ਚ ਹੋ ਰਹੇ ਕੰਮਾਂ ਦਾ ਮੁਲਾਂਕਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਕੈਬਨਿਟ ਦੇ ਵਿਸਥਾਰ ਦੌਰਾਨ ਵੱਡਾ ਫੇਰਬਦਲ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ ਆਪਣੀ ਕਾਰਗੁਜ਼ਾਰੀ ਕਾਰਨ 2 ਹੋਰ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ। ਰਾਣਾ ਗੁਰਜੀਤ ਦੇ ਅਸਤੀਫੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨਵੀਆਂ ਨਿਯੁਕਤੀਆਂ 'ਚ ਨੌਜਵਾਨ ਚਿਹਰਿਆਂ ਨੂੰ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਇਸ ਤੋਂ ਇਲਾਵਾ ਰਾਹੁਲ ਬ੍ਰਿਗੇਡ ਦੇ ਘੱਟੋ-ਘੱਟ 2 ਨਵੇਂ ਚਿਹਰਿਆਂ ਦੀ ਕੈਬਨਿਟ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਰਾਣਾ ਗੁਰਜੀਤ ਦੇ ਅਸਤੀਫੇ ਤੋਂ ਬਾਅਦ ਕੈਪਟਨ ਨੇ ਉਨ੍ਹਾਂ ਦੇ ਦੋਵੇਂ ਮਹਿਕਮੇ ਆਪਣੇ ਕੋਲ ਰੱਖਣ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਰਾਣਾ ਗੁਰਜੀਤ ਦੇ ਅਸਤੀਫੇ ਅਤੇ ਮੁੱਖ/ਪ੍ਰਮੁੱਖ ਸਕੱਤਰ ਦੇ ਅਹੁਦੇ ਤੋਂ ਸੁਰੇਸ਼ ਕੁਮਾਰ ਦੇ ਹਟਣ ਕਾਰਨ ਕੈਪਟਨ ਅਮਰਿੰਦਰ ਸਿੰਘ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਉਹ ਕੋਈ ਨਵਾਂ ਵਿਵਾਦ ਨਹੀਂ ਚਾਹੁੰਦੇ, ਇਸ ਲਈ ਉਨ੍ਹਾਂ ਨੇ ਕੈਬਨਿਟ ਵਿਸਥਾਰ ਤੱਕ ਉਕਤ ਦੋਵੇਂ ਮਹਿਕਮੇ ਆਪਣੇ ਕੋਲ ਰੱਖਣ ਦਾ ਫੈਸਲਾ ਕੀਤਾ ਹੈ।