4 ਗੈਰ-ਹਾਜ਼ਰ, 4 ਲੇਟ ਆਉਂਦੇ ਫਡ਼ੇ ਅਧਿਆਪਕ

07/19/2018 1:25:45 AM

 ਅੰਮ੍ਰਿਤਸਰ,     (ਦਲਜੀਤ)-  ਸਿੱਖਿਆ ਵਿਭਾਗ ਦੀਆਂ 15 ਟੀਮਾਂ ਨੇ ਅੱਜ ਜ਼ਿਲੇ ਦੇ 73 ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ। ਜਾਂਚ ਵਿਚ 4 ਅਧਿਆਪਕ ਗੈਰ-ਹਾਜ਼ਰ ਤੇ 4 ਲੇਟ ਪਾਏ ਗਏ। ਟੀਮਾਂ ਵੱਲੋਂ ਚੈਕਿੰਗ ਦੌਰਾਨ ਕਈ ਸਕੂਲਾਂ ’ਚ ਖਾਮੀਆਂ ਵੀ ਪਾਈਆਂ ਗਈਅਾਂ। ਵਿਭਾਗ ਨਾਲ ਸਬੰਧਤ ਸਕੂਲਾਂ ਤੇ ਅਧਿਆਪਕਾਂ ਨੂੰ ਅਗਲੀ ਕਾਰਵਾਈ ਲਈ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ। ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ਼ਿਸ਼ੂਪਾਲ ਨੇ ਦੱਸਿਆ ਕਿ ਇਸ ਅਚਾਨਕ ਚੈਕਿੰਗ ਵਿਚ ਜ਼ਿਲੇ ਦੇ 17 ਬਲਾਕਾਂ ਦੇ 73 ਸਕੂਲ ਇਕੋ ਸਮੇਂ ਚੈੱਕ ਕੀਤੇ ਗਏ ਹਨ, ਜਿਨ੍ਹਾਂ ਵਿਚ 4 ਐਲੀਮੈਂਟਰੀ ਸਕੂਲਾਂ ਦੇ ਅਧਿਆਪਕ ਲੇਟ ਤੇ 4 ਅਧਿਆਪਕ ਗੈਰ-ਹਾਜ਼ਰ ਪਾਏ ਗਏ।
 ਸ਼ਿਸ਼ੂਪਾਲ ਨੇ ਦੱਸਿਆ ਕਿ ਇਸ ਅਚਾਨਕ ਚੈਕਿੰਗ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ।  ਕਈ ਸਕੂਲਾਂ ਵਿਚ ਖਾਮੀਆਂ ਵੀ ਪਾਈਆਂ ਗਈਅਾਂ ਹਨ, ਜਿਨ੍ਹਾਂ ਨੂੰ ਮੌਕੇ ’ਤੇ ਹੀ ਦੂਰ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਪਡ਼੍ਹਾਈ ਦੇ ਪੱਧਰ ਨੂੰ ਬਣਾਏ ਰੱਖਣ ਲਈ ਅਨੁਸ਼ਾਸਨ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਕਿਸੇ ਵੀ ਅਧਿਆਪਕ ਦੇ ਲੇਟ ਤੇ ਗੈਰ-ਹਾਜ਼ਰ ਪਾਏ ਜਾਣ ’ਤੇ ਉਸ ਖਿਲਾਫ ਵਿਭਾਗ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ ਵੱਲੋਂ ਸਖਤ ਨਿਰਦੇਸ਼ ਹਨ ਕਿ ਸਕੂਲਾਂ ਵਿਚ ਪਡ਼੍ਹਾਈ ਦੇ ਪੱਧਰ ਨੂੰ ਸੁਧਾਰਿਆ ਜਾਵੇ ਤਾਂ ਕਿ ਲੋਕਾਂ ਦਾ ਸਰਕਾਰੀ ਸਕੂਲਾਂ ’ਤੇ ਵਿਸ਼ਵਾਸ ਬਹਾਲ ਹੋ ਸਕੇ।
 ਸ਼ਿਸ਼ੂਪਾਲ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ, ਜਿਸ ਵਿਚ ਸਥਾਨਕ ਲੋਕਾਂ, ਮੈਂਬਰਾਂ, ਸਰਪੰਚਾਂ ਅਤੇ ਅਧਿਆਪਕਾਂ ਦਾ ਵਿਸ਼ਾਲ ਯੋਗਦਾਨ ਹੈ। ਉਨ੍ਹਾਂ ਅਨੁਸਾਰ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ  ਦਾ ਟੀਚਾ ਹੈ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਸਕੂਲਾਂ ’ਚ ਬੱਚਿਆਂ ਦੀ ਨਫਰੀ ਨੂੰ ਵਧਾਇਆ ਜਾਵੇ ਤੇ ਜੋ ਬੱਚੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਤੋਂ ਆਉਂਦੇ ਹਨ, ਉਨ੍ਹਾਂ ਨੂੰ ਉਹ ਸਾਰੀਅਾਂ ਸਹੂਲਤਾਂ ਦਿੱਤੀਅਾਂ ਜਾਣ ਜੋ ਬਾਕੀ ਬੱਚਿਆਂ ਨੂੰ ਮਿਲਦੀਅਾਂ ਹਨ।
 ਪਹਿਲੀ ਵਾਰ ਹੋਈ ਇੰਟਰਬਲਾਕ ਚੈਕਿੰਗ : ਜ਼ਿਲਾ ਸਿੱਖਿਆ ਦਫ਼ਤਰ ਦੇ ਹੈੱਡਕੁਆਰਟਰ ਬਲਾਕ ਅਧਿਕਾਰੀ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਟੀਮਾਂ ਨੇ ਅੱਜ ਇੰਟਰਬਲਾਕ ਚੈਕਿੰਗ ਕੀਤੀ ਤੇ ਸਮੁੱਚੇ ਸਕੂਲਾਂ ਦੇ ਰਿਕਾਰਡ ਨੂੰ ਖੰਗਾਲਿਆ। ਇਸ ਦੌਰਾਨ ਸਕੂਲ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਗਈ, ਜਿਸ ਵਿਚ ਹਾਜ਼ਰੀ ਰਜਿਸਟਰ, ਕਲਾਸਰੂੁਮ, ਬਾਥਰੂੁਮ ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਸ਼ਾਮਿਲ ਸੀ। ਜੋ ਅਧਿਆਪਕ ਚੈਕਿੰਗ ਦੌਰਾਨ ਗੈਰ-ਹਾਜ਼ਰ ਪਾਏ ਗਏ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।