ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਨਾਮਜ਼ਦ

04/22/2018 4:58:19 AM

ਸੁਲਤਾਨਪੁਰ ਲੋਧੀ, (ਜੋਸ਼ੀ)- ਪਿੰਡ ਸੇਚਾਂ ਦੀ ਗਿਆਰ੍ਹਵੀਂ 'ਚ ਪੜ੍ਹਦੀ ਨਾਬਾਲਗਾ ਲੜਕੀ ਨੂੰ ਦਿਨ-ਦਿਹਾੜੇ ਘਰੋਂ ਜਬਰੀ ਚੁੱਕ ਕੇ ਲੈ ਜਾਣ ਵਾਲੇ ਵਿਅਕਤੀਆਂ ਨੂੰ ਥਾਣਾ ਪੁਲਸ ਸੁਲਤਾਨਪੁਰ ਲੋਧੀ ਅੱਜ 8 ਦਿਨ ਬੀਤ ਜਾਣ ਤਕ ਵੀ ਨਾ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਸਕੀ ਹੈ ਤੇ ਨਾ ਹੀ ਅਗਵਾ ਕੀਤੀ ਨਾਬਾਲਗ ਲੜਕੀ ਦੀ ਭਾਲ ਕਰ ਸਕੀ ਹੈ, ਜਿਸ ਕਰਕੇ ਸਕੂਲਾਂ 'ਚ ਪੜ੍ਹਦੀਆਂ ਬੱਚੀਆਂ ਦੇ ਮਾਪੇ ਸਹਿਮੇ ਹੋਏ ਹਨ। ਜਾਣਕਾਰੀ ਅਨੁਸਾਰ ਜਸਵਿੰਦਰ ਕੌਰ (ਲੜਕੀ ਦੀ ਮਾਤਾ) ਪਤਨੀ ਬਲਵੀਰ ਸਿੰਘ ਸਾਬਕਾ ਸਰਪੰਚ, ਲਖਬੀਰ ਸਿੰਘ ਸਾਬਕਾ ਸਰਪੰਚ ਪਿੰਡ ਸੇਚਾਂ ਤੇ ਹੋਰ ਪਤਵੰਤੇ ਬੀਤੀ ਦੁਪਹਿਰ ਐੱਸ. ਐੱਸ. ਪੀ. ਕਪੂਰਥਲਾ ਨੂੰ ਮਿਲੇ ਤੇ ਉਨ੍ਹਾਂ ਦਸਿਆ ਕਿ ਜਸਵਿੰਦਰ ਕੌਰ ਪਤਨੀ ਬਲਵੀਰ ਸਿੰਘ ਦੀਆਂ ਦੋ ਲੜਕੀਆਂ ਤੇ ਇਕ ਲੜਕਾ ਹੈ ਤੇ ਵੱਡੀ ਲੜਕੀ ਵਿਆਹੀ ਹੋਈ ਹੈ ਤੇ ਛੋਟੀ ਲੜਕੀ ਜੋ ਨਾਬਾਲਗ ਹੈ, ਜਿਸਦਾ ਨਾਂ ਸੁਨੀਤਾ ਰਾਣੀ ਹੈ, ਸਰਕਾਰੀ ਸਕੂਲ ਤਲਵੰਡੀ ਵਿਖੇ ਪੜ੍ਹਦੀ ਹੈ ਤੇ ਲਖਬੀਰ ਸਿੰਘ ਪੁੱਤਰ ਜਰਨੈਲ ਸਿੰਘ ਤਰਲੋਚਨ ਸਿੰਘ ਤੇ ਉਨ੍ਹਾਂ ਦੀ ਮਾਤਾ ਮਨਜੀਤ ਕੌਰ ਆਦਿ ਜੋ ਉਨ੍ਹਾਂ ਨਾਲ ਰੰਜਿਸ਼ ਰੱਖਦੇ ਹਨ, ਸ਼ਾਮ ਮਿਤੀ 14 ਅਪ੍ਰੈਲ 2018 ਜਦੋਂ ਉਹ ਤੇ ਉਸਦੀ ਛੋਟੀ ਲੜਕੀ ਤੇ ਲੜਕਾ ਘਰ ਸਨ, ਲਗਭਗ ਸ਼ਾਮ ਦੇ 4 ਵਜੇ ਘਰ ਅੰਦਰ ਹਥਿਆਰਾਂ ਸਮੇਤ ਦਾਖਲ ਹੋਏ ਤੇ ਉਸਦੀ ਲੜਕੀ ਸੁਨੀਤਾ ਨੂੰ ਜਬਰੀ ਚੁੱਕ ਕੇ ਲੈ ਗਏ। 
ਪੀੜਤਾ ਦੁਖੀ ਮਾਂ ਨੇ ਅੱਗੇ ਦਸਿਆ ਕਿ ਉਸਨੇ ਆਪਣੀ ਲੜਕੀ ਨੂੰ ਉਨ੍ਹਾਂ ਕੋਲੋਂ ਛੁਡਵਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵੀ ਪਰੇ ਸੁੱਟਤਾ ਤੇ ਜਾਂਦੇ ਹੋਏ ਇਹ ਕਹਿ ਗਏ ਕਿ ਜੇ ਕਿਸੇ ਨੂੰ  ਦਸਿਆ ਜਾਂ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਸਦਾ ਬੁਰਾ ਹਾਲ ਕਰਨਗੇ। ਜਸਵਿੰਦਰ ਕੌਰ ਨੇ ਅੱਗੇ ਦਸਿਆ ਕਿ ਉਨ੍ਹਾਂ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਉਸੇ ਸਮੇਂ ਇਤਲਾਹ ਦਿੱਤੀ ਪਰ ਅੱਜ ਤਕ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਹੋਈ। ਉਸਨੇ ਅੱਗੇ ਲਿਖਿਆ ਕਿ ਉਸਨੂੰ ਸ਼ੱਕ ਹੈ ਕਿ ਉਸਦੀ ਲੜਕੀ ਨਾਲ ਕੋਈ ਅਣਹੋਣੀ ਘਟਨਾ ਘੱਟ ਸਕਦੀ ਹੈ। ਇਸ ਮੌਕੇ ਉਨ੍ਹਾਂ ਦਸਿਆ ਕਿ ਐੱਸ. ਐੱਸ. ਪੀ. ਸਾਹਿਬ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੜਕੀ ਤੇ ਦੋਸ਼ੀ ਦੀ ਭਾਲ ਲਈ ਕਿਹਾ ਹੈ ਤੇ ਥਾਣਾ ਪੁਲਸ ਨੇ ਤਰਲੋਚਨ ਸਿੰਘ ਪੁੱਤਰ ਜਰਨੈਲ ਸਿੰਘ, ਲਖਬੀਰ ਸਿੰਘ ਪੁੱਤਰ ਜਰਨੈਲ ਸਿੰਘ ਤੇ ਮਨਜੀਤ ਕੌਰ ਪਤਨੀ ਜਰਨੈਲ ਸਿੰਘ 'ਤੇ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।