ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਪਹਿਲੇ ਦਿਨ 4 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਕੀਤੇ ਗਏ ਦਾਖ਼ਲ

04/14/2023 3:27:10 PM

ਜਲੰਧਰ (ਚੋਪੜਾ)–ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਪਹਿਲੇ ਦਿਨ 4 ਉਮੀਦਵਾਰਾਂ ਨੇ ਡੀ. ਸੀ.-ਕਮ-ਜ਼ਿਲਾ ਚੋਣ ਅਧਿਕਾਰੀ ਜਸਪ੍ਰੀਤ ਸਿੰਘ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਜ਼ਿਲ੍ਹਾ ਚੋਣ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਵੱਲੋਂ ਕਰਮਜੀਤ ਕੌਰ ਚੌਧਰੀ ਅਤੇ ਕਵਰਿੰਗ ਕੈਂਡੀਡੇਟ ਲਈ ਉਨ੍ਹਾਂ ਦੀ ਨੂੰਹ ਸ਼ਵੇਤਾ ਰਾਜ ਚੌਧਰੀ ਨੇ ਨਾਮਜ਼ਦਗੀ ਕਾਗਜ਼ ਭਰੇ। ਇਸ ਤੋਂ ਇਲਾਵਾ ਪੀਪੁਲਸ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਤੋਂ ਮਨਿੰਦਰ ਸਿੰਘ ਅਤੇ ਰਚਨਾ ਦੇਵੀ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਬਾਰੇ ਜ਼ਿਆਦਾ ਜਾਣਕਾਰੀ ਲਈ ਭਾਰਤੀ ਚੋਣ ਕਮਿਸ਼ਨ ਦੇ ‘ਨੋਅ ਯੋਅਰ ਕੈਂਡੀਡੇਟ’ ਐਪ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਕਿਉਂਕਿ 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਹੈ ਅਤੇ 16 ਅਪ੍ਰੈਲ ਨੂੰ ਐਤਵਾਰ ਹੈ, ਇਸ ਲਈ ਇਨ੍ਹਾਂ 2 ਦਿਨਾਂ ਵਿਚ ਨਾਮਜ਼ਦਗੀ ਕਾਗਜ਼ ਨਹੀਂ ਲਏ ਜਾਣਗੇ, ਜਦਕਿ 15 ਅਪ੍ਰੈਲ ਸ਼ਨੀਵਾਰ ਨੂੰ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਕਾਗਜ਼ ਲਏ ਜਾਣਗੇ। ਨਾਮਜ਼ਦਗੀ ਕਾਗਜ਼ 20 ਅਪ੍ਰੈਲ ਤੱਕ ਭਰੇ ਜਾਣਗੇ, ਜਿਨ੍ਹਾਂ ਦੀ ਜਾਂਚ 21 ਅਪ੍ਰੈਲ ਸਵੇਰੇ 11 ਵਜੇ ਡਿਪਟੀ ਕਮਿਸ਼ਨਰ ਕੋਰਟ ਰੂਮ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ’ਚ ਹੋਵੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰ 24 ਅਪ੍ਰੈਲ ਨੂੰ ਬਾਅਦ ਦੁਪਹਿਰ 3 ਵਜੇ ਤੋਂ ਪਹਿਲਾਂ ਆਪਣਾ ਨਾਮਜ਼ਦਗੀ ਕਾਗਜ਼ ਵਾਪਸ ਲੈ ਸਕਣਗੇ। ਇਸ ਜ਼ਿਮਨੀ ਚੋਣ ਲਈ ਵੋਟਿੰਗ 10 ਮਈ ਨੂੰ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹਾਦਸੇ 'ਚ ਮ੍ਰਿਤਕ ਸ਼ਰਧਾਲੂਆਂ ਦੇ ਪਰਿਵਾਰਾਂ ਲਈ ਕੇਂਦਰ ਸਰਕਾਰ ਦਾ ਅਹਿਮ ਐਲਾਨ

ਸੁਰੱਖਿਆ ਦੇ ਰਹੇ ਸਖ਼ਤ ਪ੍ਰਬੰਧ, ਉਮੀਦਵਾਰ ਸਮੇਤ 5 ਲੋਕਾਂ ਨੂੰ ਹੀ ਚੋਣ ਅਧਿਕਾਰੀ ਦੇ ਕਮਰੇ ਵਿਚ ਦਾਖ਼ਲ ਹੋਣ ਦਿੱਤਾ
ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੇ ਪਹਿਲੇ ਦਿਨ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਪੰਜਾਬ ਪੁਲਸ ਤੋਂ ਇਲਾਵਾ ਰੈਪਿਡ ਐਕਸ਼ਨ ਫੋਰਸ ਵੀ ਤਾਇਨਾਤ ਕੀਤੀ ਗਈ ਸੀ। ਜ਼ਿਲਾ ਚੋਣ ਅਧਿਕਾਰੀ ਦੇ ਐਂਟਰੀ ਗੇਟ ’ਤੇ ਮੈਟਲ ਡਿਟੈਕਟਰ ਲਾਇਆ ਗਿਆ ਸੀ ਅਤੇ ਉਥੇ ਤਾਇਨਾਤ ਪੁਲਸ ਕਰਮਚਾਰੀ ਬਿਨਾਂ ਵਜ੍ਹਾ ਲੋਕਾਂ ਨੂੰ ਅੰਦਰ ਨਹੀਂ ਜਾਣ ਦੇ ਰਹੇ ਸਨ। ਕਾਂਗਰਸੀ ਉਮੀਦਵਾਰ ਦੇ ਨਾਲ ਆਏ ਸੀਨੀਅਰ ਕਾਂਗਰਸੀ ਆਗੂਆਂ ਦੇ ਹਜ਼ੂਮ ਨੂੰ ਪਹਿਲਾਂ ਅੰਦਰ ਨਹੀਂ ਜਾਣ ਦਿੱਤਾ ਗਿਆ। ਤਾਇਨਾਤ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਕਾਂਗਰਸ ਦੇ ਸਾਰੇ ਆਗੂ ਬਿਨਾਂ ਰੁਕੇ ਜ਼ਿਲਾ ਚੋਣ ਅਧਿਕਾਰੀ ਦੇ ਆਫਿਸ ਦੇ ਬਾਹਰ ਬਣੀ ਗਰਾਊਂਡ ਵਿਚ ਜਾ ਕੇ ਖੜ੍ਹੇ ਹੋ ਗਏ ਅਤੇ ਸਿਰਫ਼ 5 ਲੋਕ ਹੀ ਆਫਿਸ ਦੇ ਅੰਦਰ ਗਏ। ਇਸ ਤੋਂ ਇਲਾਵਾ ਸਵੇਰੇ ਕੰਪਲੈਕਸ ਦੀ ਡਾਗ ਸਕੁਐਡ ਦੀ ਟੀਮ ਨੇ ਵੀ ਜਾਂਚ ਕੀਤੀ।

ਉਮੀਦਵਾਰਾਂ ਨਾਲ ਆਏ ਲੋਕਾਂ ਨੂੰ ਵੀ ਪੁਲਸ ਵੱਲੋਂ ਅਧਿਕਾਰੀ ਦੇ ਆਫਿਸ ’ਚ ਜਾਣ ਤੋਂ ਰੋਕਿਆ ਜਾ ਰਿਹਾ ਸੀ। ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਨਿਯਮਾਂ ਦੇ ਮੁਤਾਬਕ ਜ਼ਿਲ੍ਹਾ ਚੋਣ ਅਧਿਕਾਰੀ ਦੇ ਆਫਿਸ ’ਚ ਉਮੀਦਵਾਰ ਸਮੇਤ ਸਿਰਫ 5 ਲੋਕਾਂ ਨੂੰ ਹੀ ਨਾਮਜ਼ਦਗੀ ਕਾਗਜ਼ ਭਰਨ ਨਾਲ ਜਾਣ ਦਿੱਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਰਾਹੋਂ 'ਚ ਰੂਹ ਕੰਬਾਊ ਹਾਦਸਾ, 35 ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਨੂੰ ਲੱਗੀ ਅੱਗ, 8 ਸਾਲਾ ਬੱਚੀ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri