ਰੇਲਵੇ ਸਟੇਸ਼ਨ ''ਤੇ ਨਹੀਂ ਹੈ ਦੋ ਨੰਬਰ ਟਰੈਕ ਦਾ ਪਲੇਟਫਾਰਮ

01/15/2018 12:58:02 AM

ਰੂਪਨਗਰ, (ਕੈਲਾਸ਼)- ਰੇਲਵੇ ਸਟੇਸ਼ਨ 'ਤੇ ਜਦੋਂ ਵੀ ਕਿਸੇ ਮੁਸਾਫਰ ਰੇਲ-ਗੱਡੀ ਨੂੰ ਦੋ ਨੰਬਰ ਰੇਲਵੇ ਟਰੈਕ 'ਤੇ ਰੋਕਿਆ ਜਾਂਦਾ ਹੈ ਤਾਂ ਉਥੇ ਪਲੇਟਫਾਰਮ ਨਾ ਹੋਣ ਕਾਰਨ ਮੁਸਾਫਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਤੱਕ ਕਿ ਕੁਝ ਬਜ਼ੁਰਗ ਮੁਸਾਫਰ ਅਤੇ ਔਰਤਾਂ ਜਦੋਂ ਗੱਡੀ ਵਿਚ ਚੜ੍ਹਦੀਆਂ ਹਨ ਤਾਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ਕਿਉਂਕਿ ਟਰੈਕ ਤੋਂ ਟਰੇਨ ਤੱਕ 6-8 ਫੁੱਟ ਤੱਕ ਮੁਸ਼ੱਕਤ ਨਾਲ ਚੜ੍ਹਨਾ ਪੈਂਦਾ ਹੈ ਜਦਕਿ ਮੁਸਾਫਰਾਂ ਨੂੰ ਟਰੇਨ ਤੱਕ ਸਾਮਾਨ ਚੜ੍ਹਾਉਣ ਲਈ ਦੂਜਿਆਂ ਦੀ ਮਦਦ ਲੈਣੀ ਪੈਂਦੀ ਹੈ।
ਜਾਣਕਾਰੀ ਮੁਤਾਬਕ ਸਾਲ 1927 ਵਿਚ ਜਦੋਂ ਰੂਪਨਗਰ ਰੇਲਵੇ ਸਟੇਸ਼ਨ ਦਾ ਨਿਰਮਾਣ ਕੀਤਾ ਗਿਆ ਤਾਂ ਉਸ ਸਮੇਂ ਮੁਸਾਫਰ ਰੇਲ-ਗੱਡੀਆਂ ਦੀ ਗਿਣਤੀ ਨਾਮਾਤਰ ਸੀ ਪਰ ਮੌਜੂਦਾ ਸਮੇਂ ਵਿਚ ਦੋ ਦਰਜਨ ਰੇਲ-ਗੱਡੀਆਂ ਆਉਂਦੀਆਂ-ਜਾਂਦੀਆਂ ਹਨ ਅਤੇ ਕਈ ਵਾਰ ਤਾਂ ਲਾਈਨ ਕਲੀਅਰ ਨਾ ਹੋਣ ਕਰ ਕੇ ਰੇਲ-ਗੱਡੀਆਂ ਨੂੰ ਰੂਪਨਗਰ ਸਟੇਸ਼ਨ 'ਤੇ ਦੋ ਨੰਬਰ ਟਰੈਕ 'ਤੇ ਰੋਕਣਾ ਪੈਂਦਾ ਹੈ ਪਰ ਇਸ ਨਾਲ ਮੁਸਾਫਰਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਜਾਂਦਾ ਹੈ। 

ਐਲਾਨਾਂ ਦੇ ਬਾਵਜੂਦ ਨਹੀਂ ਬਣ ਸਕਿਆ ਦੋ ਨੰਬਰ ਪਲੇਟਫਾਰਮ
ਕੁਝ ਸਾਲ ਪਹਿਲਾਂ ਡੀ. ਐੱਮ. ਰੇਲਵੇ ਅੰਬਾਲਾ ਤੋਂ ਸਪੈਸ਼ਲ ਟਰੇਨ ਲੈ ਕੇ ਰੂਪਨਗਰ ਆਏ ਸਨ, ਉਦੋਂ ਪਲੇਟਫਾਰਮ ਨਾ ਹੋਣ ਬਾਰੇ ਉਨ੍ਹਾਂ ਨੂੰ ਦੱਸਿਆ ਸੀ, ਜਿਸ 'ਤੇ ਉਨ੍ਹਾਂ ਵਿਸ਼ਵਾਸ ਦਿੱਤਾ ਸੀ ਕਿ ਦੋ ਨੰਬਰ ਪਲੇਟਫਾਰਮ ਦੇ ਨਾਲ-ਨਾਲ ਓਵਰਬ੍ਰਿਜ ਬਣਾਉਣ ਦੀ ਯੋਜਨਾ ਜਲਦੀ ਹੀ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਬਾਅਦ ਕਈ ਵਾਰ ਸਥਾਨਕ ਸਟੇਸ਼ਨ ਪ੍ਰਬੰਧਕਾਂ ਨਾਲ ਗੱਲ ਕੀਤੀ, ਉਨ੍ਹਾਂ ਵੀ ਯੋਜਨਾ ਨੂੰ ਬਣਾ ਕੇ ਭੇਜ ਦੇਣ ਦੀ ਗੱਲ ਕਹੀ ਪਰ ਕੁਝ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਲੋਕਾਂ ਨੂੰ ਟਰੈਕ ਵਿਚਕਾਰ ਖੜ੍ਹੇ ਹੋ ਕੇ ਗੱਡੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਉਸ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਇਸ ਸਬੰਧ ਵਿਚ ਸਥਾਨਕ ਰੇਲਵੇ ਅਧਿਕਾਰੀ ਕੋਈ ਵੀ ਸਪੱਸ਼ਟੀਕਰਨ ਨਹੀਂ ਦੇਣਾ ਚਾਹੁੰਦੇ ਅਤੇ ਇਸ ਮਸਲੇ ਨੂੰ ਉੱਚ ਅਧਿਕਾਰੀਆਂ 'ਤੇ ਛੱਡ ਦਿੰਦੇ ਹਨ।
ਰੇਲਵੇ ਟਰੈਕ 'ਚ ਪਈ ਗੰਦਗੀ ਨਾਲ ਭਰ ਜਾਂਦੇ ਹਨ ਕੱਪੜੇ
ਅੱਜ ਵੀ ਸਵੇਰੇ 6.30 ਵਜੇ ਜਦੋਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਤਾਂ ਪਲੇਟਫਾਰਮ ਦੇ ਨਾਲ ਦਿੱਲੀ ਤੋਂ ਰੂਪਨਗਰ ਪਹੁੰਚੀ ਹਿਮਾਚਲ ਐਕਸਪ੍ਰੈੱਸ ਖੜ੍ਹੀ ਸੀ, ਜਦਕਿ ਊਨਾ ਤੋਂ ਦਿੱਲੀ ਜਾਣ ਵਾਲੀ ਜਨ-ਸ਼ਤਾਬਦੀ ਨੂੰ 2 ਨੰਬਰ ਟਰੈਕ 'ਤੇ ਲਾਇਆ ਜਾਣਾ ਸੀ, ਜਿਸ ਵਾਸਤੇ ਮੁਸਾਫਰ ਬਿਨਾਂ ਪਲੇਟਫਾਰਮ ਦੇ ਠੰਡ ਅਤੇ ਹਨੇਰੇ ਵਿਚ ਰੇਲਵੇ ਲਾਈਨਾਂ ਦੇ ਵਿਚਕਾਰ ਉਕਤ ਗੱਡੀਆਂ ਦੇ ਇੰਤਜ਼ਾਰ ਵਿਚ ਖੜ੍ਹੇ ਸਨ ਕਿਉਂਕਿ ਉਥੇ ਲਾਈਟਾਂ ਆਦਿ ਦੀ ਕੋਈ ਵੀ ਵਿਵਸਥਾ ਨਹੀਂ ਹੈ। ਲੋਕਾਂ ਨੇ ਦੱਸਿਆ ਕਿ ਉਹ ਕਾਫੀ ਦੇਰ ਤੋਂ ਦਿੱਲੀ ਜਾਣ ਵਾਲੀ ਜਨ-ਸ਼ਤਾਬਦੀ ਦਾ ਇੰਤਜ਼ਾਰ 2 ਨੰਬਰ ਟਰੈਕ 'ਤੇ ਕਰ ਰਹੇ ਹਨ, ਜਿਥੇ ਕੋਈ ਵੀ ਸੁਵਿਧਾ ਨਹੀਂ ਹੈ। ਇਸ ਤੋਂ ਇਲਾਵਾ ਟਰੈਕ ਵਿਚ ਫੈਲੀ ਗੰਦਗੀ ਵੀ ਉਨ੍ਹਾਂ ਲਈ ਪ੍ਰੇਸ਼ਾਨੀਆਂ ਪੈਦਾ ਕਰ ਰਹੀ ਹੈ ਕਿਉਂਕਿ ਹਨੇਰੇ ਕਾਰਨ ਕੁਝ ਮੁਸਾਫਰਾਂ ਦੇ ਤਾਂ ਪੈਰ ਤੇ ਕੱਪੜੇ ਟਰੈਕ ਵਿਚ ਪਈ ਗੰਦਗੀ ਕਾਰਨ ਖਰਾਬ ਹੋ ਗਏ ਹਨ।