ਕਣਕ ਦੀ ਖਰੀਦ ਦੌਰਾਨ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ: ਅਨਿੰਦਿਤਾ ਮਿਤਰਾ

04/26/2018 1:56:41 AM

ਹੁਸ਼ਿਆਰਪੁਰ, (ਘੁੰਮਣ)- ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈਜ਼, ਪੰਜਾਬ ਸ਼੍ਰੀਮਤੀ ਅਨੰਦਿਤਾ ਮਿਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਣਕ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ ਅਤੇ ਖਰੀਦ ਦੌਰਾਨ ਕਿਸਾਨਾਂ ਨੂੰ ਅਦਾਇਗੀ, ਲਿਫਟਿੰਗ ਅਤੇ ਬਾਰਦਾਨੇ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਜ ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਦੀਆਂ ਮੰਡੀਆਂ ਵਿਚ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ। ਸ਼੍ਰੀਮਤੀ ਮਿਤਰਾ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 89 ਲੱਖ, 64 ਹਜ਼ਾਰ 198 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਖਰੀਦ ਕੀਤੀ ਗਈ ਕਣਕ ਵਿਚੋਂ ਪਨਗਰੇਨ ਨੇ 20 ਲੱਖ 48 ਹਜ਼ਾਰ 629 ਮੀਟਰਕ ਟਨ, ਮਾਰਕਫੈੱਡ ਨੇ 20 ਲੱਖ 61 ਹਜ਼ਾਰ 460 ਮੀਟਰਕ ਟਨ, ਪਨਸਪ ਨੇ 16 ਲੱਖ 66 ਹਜ਼ਾਰ 522 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 12 ਲੱਖ 69 ਹਜ਼ਾਰ 373 ਮੀਟਰਕ ਟਨ, ਪੰਜਾਬ ਐਗਰੋ ਨੇ 9 ਲੱਖ 22 ਹਜ਼ਾਰ 600 ਮੀਟਰਕ ਟਨ, ਐੱਫ.ਸੀ.ਆਈ. ਨੇ 9 ਲੱਖ 67 ਹਜ਼ਾਰ 847 ਮੀਟਰਕ ਟਨ, ਜਦਕਿ ਵਪਾਰੀਆਂ ਵੱਲੋਂ ਪ੍ਰਾਈਵੇਟ ਤੌਰ 'ਤੇ 27 ਹਜ਼ਾਰ 767 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। 
ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈਜ਼ ਨੇ ਕਿਹਾ ਕਿ ਪੰਜਾਬ ਵਿਚ ਅੱਜ ਦੁਪਹਿਰ ਤੱਕ ਕੇਵਲ ਇਕ ਦਿਨ ਦੀ ਕਰੀਬ 1479.97 ਕਰੋੜ ਰੁਪਏ ਦੀ ਬਣਦੀ ਅਦਾਇਗੀ ਕੀਤੀ ਗਈ ਹੈ, ਜਦਕਿ ਹੁਣ ਤੱਕ ਪੰਜਾਬ ਵਿਚ ਖਰੀਦੀ ਗਈ ਕਣਕ ਦੀ ਕਰੀਬ 10856.66 ਕਰੋੜ ਰੁਪਏ ਦੀ ਅਦਾਇਗੀ ਆੜ੍ਹਤੀਆਂ ਨੂੰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਇਸ ਵਾਰ ਟ੍ਰਾਂਸਪੋਰਟੇਸ਼ਨ ਟੈਂਡਰ ਪ੍ਰਕਿਰਿਆ ਵਿਚ ਪੂਰੀ ਤਰ੍ਹਾਂ ਪਾਰਦਰਸ਼ਤਾ ਲਿਆ ਕੇ, ਰਾਜ ਨੂੰ ਢੋਆ-ਢੁਆਈ ਵਿਚ ਪੈਂਦੇ ਘਾਟੇ ਨੂੰ ਪੂਰਾ ਕਰਨ ਦਾ ਯਤਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਮੇਂ-ਸਿਰ ਨਿਰਵਿਘਨ ਕਣਕ ਖਰੀਦੀ ਜਾ ਰਹੀ ਹੈ, ਉਥੇ 48 ਘੰਟੇ ਅੰਦਰ ਅਦਾਇਗੀ ਵੀ ਯਕੀਨੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਬਾਰਦਾਨੇ ਦੀ ਵੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲਿਫਟਿੰਗ ਵੀ ਸਮੇਂ-ਸਿਰ ਯਕੀਨੀ ਬਣਾਈ ਜਾ ਰਹੀ ਹੈ। 
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਕੀਤੇ ਪ੍ਰਬੰਧ ਆਸ ਮੁਤਾਬਕ ਵਧੀਆ ਹਨ ਅਤੇ ਸਰਕਾਰ ਵੱਲੋਂ ਵੱਖ-ਵੱਖ ਅਧਿਕਾਰੀਆਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦੇਣ ਨੂੰ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਉਨ੍ਹਾਂ ਹੁਸ਼ਿਆਰਪੁਰ ਜ਼ਿਲੇ ਦੀਆਂ ਮੰਡੀਆਂ ਵਿਚ ਹੁਣ ਤੱਕ ਹੋਈ 1 ਲੱਖ 18 ਹਜ਼ਾਰ 970 ਮੀਟਰਕ ਟਨ ਕਣਕ ਦੀ ਆਮਦ ਵਿਚੋਂ ਬੀਤੀ ਸ਼ਾਮ ਤੱਕ 1 ਲੱਖ 17 ਹਜ਼ਾਰ 893 ਮੀਟਰਕ ਟਨ ਦੀ ਖਰੀਦ 'ਤੇ ਤਸੱਲੀ ਪ੍ਰਗਟਾਉਂਦਿਆਂ ਸਬੰਧਤ ਏਜੰਸੀਆਂ ਨੂੰ ਲਿਫ਼ਟਿੰਗ ਵਿਚ ਤੇਜ਼ੀ ਲਿਆਉਣ ਲਈ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਕਰੀਬ 130 ਕਰੋੜ ਰੁਪਏ (100 ਫੀਸਦੀ) ਕਣਕ ਦੀ ਅਦਾਇਗੀ ਵੀ ਆੜ੍ਹਤੀਆਂ ਨੂੰ ਕਰ ਦਿੱਤੀ ਗਈ ਹੈ, ਜਦਕਿ ਕਰੀਬ 70 ਫੀਸਦੀ ਲਿਫਟਿੰਗ ਵੀ ਯਕੀਨੀ ਬਣਾ ਲਈ ਗਈ ਹੈ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ, ਐੱਸ. ਡੀ. ਐੱਮ. ਹੁਸ਼ਿਆਰਪੁਰ ਜਿਤੇਂਦਰ ਜੋਰਵਾਲ, ਐੱਸ. ਡੀ. ਐੱਮ. ਗੜ੍ਹਸ਼ੰਕਰ ਹਰਦੀਪ ਸਿੰਘ ਧਾਲੀਵਾਲ, ਡੀ. ਐੱਫ. ਐੱਸ. ਸੀ. ਸ਼੍ਰੀਮਤੀ ਰਜਨੀਸ਼ ਕੌਰ, ਜ਼ਿਲਾ ਮੰਡੀ ਅਫ਼ਸਰ ਰਾਜ ਕੁਮਾਰ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਆੜ੍ਹਤੀ ਮੌਜੂਦ ਸਨ।