ਬਿਹਾਰ ''ਚ ਬਣੇਗਾ ''ਗੁਰੂ ਸਰਕਟ'' ਅਤੇ ਵਿਸ਼ੇਸ਼ ਕੇਂਦਰ : ਨਿਤਿਸ਼ ਕੁਮਾਰ

01/05/2017 4:13:04 PM

ਪਟਨਾ (ਜੁਗਿੰਦਰ ਸੰਧੂ, ਕੁਲਦੀਪ ਬੇਦੀ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਅੱਜ ਗਾਂਧੀ ਮੈਦਾਨ ਦੇ ਵਿਸ਼ੇਸ਼ ਸਮਾਰੋਹ ''ਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਬਿਹਾਰ ਵਿਚ ਇਕ ਵਿਸ਼ੇਸ਼ ''ਗੁਰੂ ਸਰਕਟ'' ਅਤੇ ਗੁਰੂ ਕਾ ਬਾਗ ਵਿਖੇ ਇਕ ਕੇਂਦਰ ਦਾ ਨਿਰਮਾਣ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਿਹਾਰ ਦੀ ਧਰਤੀ ਨੂੰ ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ-ਜਿਹੜੇ ਰਸਤੇ ਤੋਂ ਗੁਜ਼ਰੇ ਅਤੇ ਜਿੱਥੇ-ਜਿੱਥੇ ਉਨ੍ਹਾਂ ਦੀ ਯਾਦ ''ਚ ਗੁਰਦੁਆਰੇ ਬਣੇ ਹੋਏ ਹਨ, ਉਨ੍ਹਾਂ ਸਭਨਾਂ ਨੂੰ ਜੋੜਨ ਲਈ ਇਕ ਵਿਸ਼ੇਸ਼ ਗੁਰੂ ਸਰਕਟ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਬਿਹਾਰ ''ਚ ਆਉਣ ਵਾਲੀਆਂ ਸੰਗਤਾਂ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਟਨਾ ਦੇ ਗੁਰਦੁਆਰਾ ਗੁਰੂ ਕਾ ਬਾਗ ਨੇੜੇ ਇਕ ਵਿਸ਼ੇਸ਼ ਕੇਂਦਰ ਦਾ ਨਿਰਮਾਣ ਕੀਤਾ ਜਾਵੇਗਾ। ਇਸ ਕੇਂਦਰ ''ਚ ਇਕ ਲਾਈਬ੍ਰੇਰੀ ਵੀ ਬਣਾਈ ਜਾਵੇਗੀ ਅਤੇ ਇਕ ਬਾਗ ਵੀ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੇਂਦਰ ਤੋਂ ਸੰਗਤਾਂ ਨੂੰ ਗੁਰਦੁਆਰਾ ਸਾਹਿਬਾਨ ਬਾਰੇ ਅਤੇ ਗੁਰੂ ਘਰਾਂ ਦੇ ਇਤਿਹਾਸ ਬਾਰੇ ਮੁਕੰਮਲ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਪ੍ਰਤੀ ਸ਼ਰਧਾਂਜਲੀ ਪ੍ਰਗਟ ਕਰਨ ਲਈ ਉਨ੍ਹਾਂ ਨੇ ਪੂਰੇ ਸੂਬੇ ''ਚ ਸ਼ਰਾਬਬੰਦੀ ਲਾਗੂ ਕੀਤੀ, ਜਿਸ ਦੇ ਨਤੀਜੇ ਵਜੋਂ ਅੱਜ ਬਿਹਾਰ ਦੇ ਘਰ-ਘਰ ''ਚ ਖੁਸ਼ੀਆਂ ਆਈਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੂਰੇ ਦੇਸ਼ ਨੂੰ ਨਸ਼ਾਮੁਕਤ ਬਣਾਉਣਾ ਚਾਹੀਦਾ ਹੈ।
 
ਹੱਥ ਜੋੜ ਕੇ ਮੰਗੀ ਮੁਆਫੀ
ਮੁੱਖ ਮੰਤਰੀ ਨੇ ਕਿਹਾ ਕਿ ਬਿਹਾਰ ਸਰਕਾਰ, ਇੱਥੋਂ ਦੀ ਜਨਤਾ ਅਤੇ ਪੂਰੇ ਪ੍ਰਸ਼ਾਸਨ ਨੇ ਤਿੰਨ ਮਹੀਨਿਆਂ ਤੋਂ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ ''ਚ ਦਿਨ-ਰਾਤ ਇੱਕ ਕੀਤਾ ਹੈ। ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਸ਼ਰਧਾਲੂਆਂ ਦੀ ਦਿਲੋਂ-ਮਨੋਂ ਸੇਵਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫਿਰ ਵੀ ਜੇ ਕੋਈ ਕਮੀ ਰਹਿ ਗਈ ਹੋਵੇ ਤਾਂ ਮੈਂ ਪੂਰੀ ਸਾਧ-ਸੰਗਤ ਤੋਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਬਿਹਾਰ ਦੇ ਅਫਸਰ ਤਾਂ ਪਿਛਲੇ ਤਿੰਨ ਮਹੀਨਿਆਂ ''ਚ ਪੰਜਾਬੀ ਬੋਲਣੀ ਵੀ ਸਿੱਖ ਗਏ ਹਨ। ਉਹ ਆਈਆਂ ਸੰਗਤਾਂ ਦਾ ਸੁਆਗਤ ਪੰਜਾਬੀ ''ਚ ''ਜੀ ਆਇਆਂ ਨੂੰ'' ਕਹਿ ਕੇ ਕਰਦੇ ਰਹੇ।
 
ਪ੍ਰਕਾਸ਼ ਪੁਰਬ ਦੇ ਪ੍ਰਕਾਸ਼ ਨਾਲ ਰੌਸ਼ਨ ਹੋਵੇਗਾ ਬਿਹਾਰ
ਪ੍ਰਕਾਸ਼ ਪੁਰਬ ਸਮਾਗਮ ਨੂੰ ਸੰਬੋਧਨ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ''ਚੋਂ ਜਿਹੜਾ ਪ੍ਰਕਾਸ਼ ਨਿਕਲਿਆ ਹੈ, ਇਸ ਨਾਲ ਬਿਹਾਰ ਰੌਸ਼ਨ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵਲੋਂ ਦਿੱਤੀਆਂ ਕੁਰਬਾਨੀਆਂ, ਸੇਵਾ ਭਾਵਨਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਬਿਹਾਰ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ''ਤੇ ਲੈ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸੰਦੇਸ਼ ''ਚੋਂ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਬਹੁਤ ਲਾਭ ਹੋਵੇਗਾ। ਮੁੱਖ ਮੰਤਰੀ ਨੇ ਸੰਸਾਰ ਭਰ ਦੇ ਸ਼ਰਧਾਲੂਆਂ ਨੂੰ ਸੱਦਾ ਦਿੱਤਾ ਕਿ ਉਹ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਹਾੜੇ ਮੌਕੇ ਪਟਨਾ ਦੀ ਧਰਤੀ ''ਤੇ ਆਉਣ, ਅਸੀਂ ਉਨ੍ਹਾਂ ਦੀ ਸੇਵਾ ''ਚ ਕੋਈ ਕਸਰ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮਨਾਵਾਂਗੇ, ਉਨ੍ਹਾਂ ਦੇ ਸੰਦੇਸ਼ ਨੂੰ ਮਨ ''ਚ ਵਸਾਵਾਂਗੇ, ਤਾਂ ਸਾਡੇ ਲਈ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਦੇ ਰਸਤੇ ਆਪਣੇ ਆਪ ਖੁੱਲ੍ਹਦੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਮਾਨਵਤਾ ਦੀ ਭਲਾਈ ਲਈ ਪੂਰੇ ਪਰਿਵਾਰ ਦੀ ਕੁਰਬਾਨੀ ਦੇ ਕੇ ਇਕ ਅਜਿਹਾ ਇਤਿਹਾਸ ਸਿਰਜਿਆ ਹੈ, ਜਿਸ ਦਾ ਕਿਤੇ ਕੋਈ ਮੁਕਾਬਲਾ ਨਹੀਂ।

 

Babita Marhas

This news is News Editor Babita Marhas