ਪੰਜਾਬ ਵਾਸੀਆਂ ਨੂੰ ਮੰਤਰੀ ਨਿਤਿਨ ਗਡਕਰੀ ਦੀ ਵੱਡੀ ਸੌਗਾਤ, ਸੁਨੀਲ ਜਾਖੜ ਨੇ ਬੰਨ੍ਹੇ ਤਾਰੀਫ਼ਾਂ ਦੇ ਪੁਲ਼

01/10/2024 7:18:38 PM

ਹੁਸ਼ਿਆਰਪੁਰ (ਵੈੱਬ ਡੈਸਕ)- ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਅੱਜ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਹੁਸ਼ਿਆਰਪੁਰ ਦੀ ਦੁਸਹਿਰਾ ਗਰਾਊਂਡ ਵਿਚ ਆਯੋਜਿਤ ਸਮਾਗਮ ਦੌਰਾਨ ਨਿਤਿਨ ਗਡਕਰੀ ਵੱਲੋਂ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ 4 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ 29 ਰਾਸ਼ਟਰੀ ਰਾਜ ਮਾਰਗ ਪ੍ਰੀ-ਯੋਜਨਾਵਾਂ ਦਾ ਲੋਕ ਅਰਪਣ/ਨੀਂਹ ਪੱਥਰ ਰੱਖਿਆ ਗਿਆ। ਹੁਣ ਫਗਵਾੜਾ-ਹੁਸ਼ਿਆਰਪੁਰ ਮਾਰਗ ਫੋਰਲੇਨ ਬਣੇਗਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪੰਜਾਬ ਨੂੰ ਬਾਂਹ ਫੜਨ ਵਾਲੇ ਲੀਡਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਅਸਲ ਮਕਸਦ ਕੰਮ ਕਰਨਾ ਹੁੰਦਾ ਹੈ।

ਉਨ੍ਹਾਂ ਮੰਤਰੀ ਨਿਤਿਨ ਗਡਕਰੀ ਦੀਆਂ ਤਾਰੀਫ਼ਾਂ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਜਦੋਂ ਨਿਤਿਨ ਗਡਕਰੀ ਦੀ ਗੱਲ ਹੁੰਦੀ ਹੈ ਤਾਂ ਸਾਰੇ ਇਹੀ ਕਹਿੰਦੇ ਹਨ 'ਆਪਣਾ ਮੰਤਰੀ'। ਕਿਸੇ ਪਾਰਟੀ ਦਾ ਵਿਧਾਇਕ ਹੋਵੇ ਭਾਵੇਂ ਸੰਸਦ ਮੈਂਬਰ ਹੋਵੇ ਹਰ ਇਕ ਦੇ ਮੂੰਹ ਵਿਚੋਂ ਗੱਲ ਸਾਡੇ ਮੰਤਰੀ ਸਾਬ੍ਹ ਵਾਲੀ ਹੀ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਨਿਤਿਨ ਗਡਕਰੀ ਦੀ ਖਾਸੀਅਤ ਹੈ ਜਦੋਂ ਕੋਈ ਵੀ ਮੰਤਰੀ ਸਾਬ੍ਹ ਕੋਲ ਆਪਣੇ ਇਲਾਕੇ ਦੇ ਕੰਮ ਲਈ ਗਿਆ ਹੈ ਤਾਂ ਇਨ੍ਹਾਂ ਨੇ ਕਦੇ ਵੀ ਨਾਂਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਰੇ ਸੂਬਿਆਂ ਦੀ ਹੈ। ਸੜਕਾਂ ਬਣਾਉਣ ਦਾ ਸਿਹਰਾ ਨਿਤਿਨ ਗਡਕਰੀ ਨੂੰ ਜਾਂਦਾ ਹੈ। ਨਿਤਿਨ ਗਡਕਰੀ ਨੇ ਅੱਜ ਪੰਜਾਬ ਦਾ ਹੁਲਿਆਰਾ ਬਦਲ ਦਿੱਤਾ ਹੈ। ਹਰ ਬੱਚੇ-ਬੱਚੇ ਨੂੰ ਪਤਾ ਹੈ ਕਿ ਨਿਤਿਨ ਗਡਕਰੀ ਸਾਬ੍ਹ ਉਹ ਮੰਤਰੀ ਹਨ, ਜਿਨ੍ਹਾਂ ਨੇ ਸੜਕਾਂ ਬਣਾਉਣ ਲਈ ਹਨੇਰੀ ਲਿਆ ਦਿੱਤੀ ਹੈ। 

ਇਹ ਵੀ ਪੜ੍ਹੋ : ਜਲੰਧਰ 'ਚ ਨਸ਼ੇ 'ਚ ਟੱਲੀ ਦੋ ਕੁੜੀਆਂ ਦਾ ਬੱਸ ਸਟੈਂਡ 'ਤੇ ਹੰਗਾਮਾ, ਆਪਸ 'ਚ ਭਿੜੀਆਂ, ਛੁਡਾਉਣ ਗਏ ਲੋਕਾਂ ਨੂੰ ਵੱਢੇ ਦੰਦ

ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕੱਸਦੇ ਹੋਏ ਜਾਖੜ ਨੇ ਕਿਹਾ ਕਿ ਅੱਜ ਮੌਸਮ ਬਹੁਤ ਹੀ ਧੁੰਦ ਵਾਲਾ ਹੈ ਅਤੇ ਹੋ ਸਕਦਾ ਹੈ ਕਿ ਅੱਜ ਸਾਡੇ ਮਾਣਯੋਗ ਮੁੱਖ ਮੰਤਰੀ ਸਾਬ੍ਹ ਦਾ ਹੈਲੀਕਾਪਟਰ ਨਾ ਉੱਡਿਆ ਹੋਵੇ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਇਹ ਗੱਲ ਚੁੰਭ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਫ਼ੈਸਲਾ ਕਰਕੇ ਜਿਨ੍ਹਾਂ ਨੂੰ ਦੋ ਤਿਹਾਈ ਬਹੁਮਤ ਦਿੱਤਾ, ਜੇਕਰ ਉਹ ਅੱਜ ਇਥੇ ਹੁੰਦੇ ਤਾਂ ਪੰਜਾਬ ਦੀ ਗੱਲ ਬਿਨਾਂ ਸਿਆਸੀ ਭੇਦਭਾਵ 'ਤੇ ਇਥੇ ਰੱਖੀ ਜਾ ਸਕਦੀ ਸੀ। ਹੁਸ਼ਿਆਰਪੁਰ ਇਕ ਅਜਿਹਾ ਇਲਾਕਾ ਹੈ, ਜਿਸ ਦੀ ਆਪਣੀ ਇਕ ਮਹੱਤਤਾ ਹੈ। ਐਜੂਕੇਸ਼ਨ ਦਾ ਹੱਬ ਹੁਸ਼ਿਆਰਪੁਰ ਰਿਹਾ ਹੈ। ਜਿਸ ਆਸਥਾ ਨਾਲ ਲੋਕ ਮਾਤਾ ਚਿੰਤਪੁਰਨੀ ਲਈ ਇਥੋਂ ਜਾਂਦੇ ਹਨ, ਉਸ ਦੇ ਵਾਸਤੇ ਇਹ ਇਕ ਹੱਬ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਸਥਾਨ ਨੂੰ ਜਿਹੜਾ ਰੁਤਬਾ ਮਿਲਣਾ ਚਾਹੀਦਾ ਹੈ, ਉਹ ਅਸੀਂ ਦੇ ਨਹੀਂ ਸਕੇ ਹਾਂ। ਉਨ੍ਹਾਂ ਕਿਹਾ ਕਿ ਸ਼ਕਲ ਵੇਖ ਕੇ ਵੋਟਾਂ ਨਹੀਂ ਪੈਂਦੀਆਂ। ਲੋਕਾਂ ਨੂੰ ਕੰਮ ਪਿਆਰਾ ਹੈ, ਚਮ ਨਹੀਂ। ਰਾਜਨੀਤੀ ਦਾ ਅਸਲ ਮਕਸਦ ਕੰਮ ਕਰਨਾ ਹੈ ਅਤੇ ਇਥੋਂ ਸਬਕ ਲੈਣਾ ਚਾਹੀਦਾ ਹੈ। ਪੈਸੇ ਦਾ ਕੰਮ ਪੈਸੇ ਨਾਲ ਹੁੰਦਾ ਹੈ, ਗੱਲਾਂ ਜਾਂ ਇਸ਼ਤਿਹਾਰਾਂ ਨਾਲ ਹੁੰਦਾ। ਉਨ੍ਹਾਂ ਕਿਹਾ ਕਿ ਇਕ ਦੇ ਨਾਲ ਇਕ ਦੋ ਨਹੀਂ ਹੋ ਸਕਦੇ, ਇਕ ਦੇ ਨਾਲ ਇਕ ਗਿਆਰਾ ਹੋ ਸਕਦੇ ਹਨ। 

ਇਹ ਵੀ ਪੜ੍ਹੋ : ਜਲੰਧਰ 'ਚ ਨਸ਼ਾ ਸਮੱਗਲਰਾਂ ਤੇ ਹੋਰ ਦੋਸ਼ੀਆਂ ਦੀ ਫਰਜ਼ੀ ਜ਼ਮਾਨਤ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri