''24 ਨਵੰਬਰ ਤੋਂ ਮੁੜ ਹੋਣਗੇ ਨਿਰੰਕਾਰੀ ਸਮਾਗਮ''

11/19/2018 8:37:25 PM

ਅੰਮ੍ਰਿਤਸਰ- ਨਿਰੰਕਾਰੀ ਮਿਸ਼ਨ ਵਲੋਂ 24 ਨਵੰਬਰ ਤੋਂ ਮੁੜ ਉਸੇ ਤਰੀਕੇ ਨਾਲ ਸਮਾਗਮ ਹੋਣਗੇ, ਜਿਸ ਤਰ੍ਹਾਂ ਪਹਿਲਾਂ ਹੁੰਦੇ ਸਨ। ਇਹ ਪ੍ਰਗਟਾਵਾ ਨਿਰੰਕਾਰੀ ਮਿਸ਼ਨ ਕਾਰਜਕਾਰੀ ਕਮੇਟੀ ਦੇ ਮੈਂਬਰ ਕਿਰਪਾ ਸਾਗਰ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਹੋਇਆ ਗ੍ਰੇਨੇਡ ਹਮਲਾ ਨਿਰੰਕਾਰੀ ਭਵਨ 'ਤੇ ਨਹੀਂ ਬਲਕਿ ਪੰਜਾਬ ਦੀ ਅਮਨ ਸ਼ਾਂਤੀ 'ਤੇ ਹਮਲਾ ਹੈ ਅਤੇ ਇਹ ਮਾਮਲਾ ਸਕਿਓਰਿਟੀ ਫੋਰਸ ਤੇ ਪੰਜਾਬ ਪੁਲਸ ਕੋਲ ਹੈ, ਇਸ ਲਈ ਇਹ ਮਾਮਲਾ ਉਨ੍ਹਾਂ ਦਾ ਹੀ ਹੈ ਅਤੇ ਉਨ੍ਹਾਂ ਵਲੋਂ ਜੋ ਕੁੱਝ ਵੀ ਕੀਤਾ ਜਾ ਰਿਹਾ ਹੈ, ਅਸੀਂ ਉਸ ਨਾਲ ਸਹਿਮਤ ਹਾਂ।

24 ਨਵੰਬਰ ਤੋਂ ਹੋਣ ਵਾਲੇ ਸਮਾਗਮਾਂ ਦੀ ਸੁਰੱਖਿਆ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਸਮਾਗਮਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਅਤੇ ਇਹ ਕੰਮ ਪੁਲਸ ਅਤੇ ਸਰਕਾਰ ਦਾ ਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹੋਏ ਨਿਰੰਕਾਰੀ ਭਵਨ 'ਚ ਧਮਾਕਾ ਹੋਣਾ ਬੜਾ ਦੁਖਦਾਈ ਹੈ ਪਰ ਇਸ ਕਾਰਨ ਆਉਣ ਵਾਲੇ ਸਮਾਗਮਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਪਹਿਲਾਂ ਦੀ ਤਰ੍ਹਾਂ ਹੀ ਸਮਾਗਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡੀ ਸਾਧ ਸੰਗਤ ਦੀ ਸ਼ਰਧਾ ਭਗਤੀ ਦੀ ਕਈ ਵਾਰ ਅਜਿਹੇ ਹਾਲਾਤਾਂ ਨੇ ਪ੍ਰੀਖਿਆ ਲਈ ਹੈ, ਜਿਸ 'ਚੋਂ ਉਹ ਹਮੇਸ਼ਾ ਪਾਸ ਹੋਈ ਹੈ ਅਤੇ ਇਨ੍ਹਾਂ ਦਾ ਜੋਸ਼ ਕਦੇ ਵੀ ਘੱਟ ਨਹੀਂ ਹੋਇਆ ਬਲਕਿ ਵਧਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਥਾਨ ਤੋਂ ਕੋਈ ਅਜਿਹੀ ਖਬਰ ਨਹੀਂ ਆਈ ਹੈ ਕਿ ਸੰਗਤਾਂ ਨੇ ਕੋਈ ਡਿਮਾਂਡ ਕੀਤੀ ਹੋਵੇ ਕਿ ਅਸੀਂ ਸਮਾਗਮ 'ਚ ਨਹੀਂ ਆਵਾਂਗੇ ਜਾਂ ਟਿਕਟ ਕੈਂਸਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਨਿਰੰਕਾਰੀ ਸੰਗਤਾਂ ਦਾ ਮਨੋਬਲ ਕਦੇ ਨਹੀਂ ਡਿੱਗਿਆ ਅਤੇ ਨਾ ਹੀ ਇਸ ਵਾਰ ਡਿੱਗਿਆ ਹੈ।