ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਜਾਇਬਘਰ ''ਚ ਲਗਾਈਆਂ ਜਾਣ: ਨਿਮਿਸ਼ਾ ਮਹਿਤਾ

10/16/2018 6:31:34 PM

ਹੁਸ਼ਿਆਰਪੁਰ— ਪੰਜਾਬ ਕਾਂਗਰਸ ਪ੍ਰਦੇਸ਼ ਕਮੇਟੀ ਦੀ ਬੁਲਾਰਨ ਨਿਮਿਸ਼ਾ ਮਹਿਤਾ ਨੇ ਬਹਿਬਲ ਕਲਾਂ ਗੋਲੀਕਾਂਡ 'ਚ ਮਾਰੇ ਗਏ ਦੋ ਸਿੱਖ ਨੌਜਵਾਨ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀਆਂ ਤਸਵੀਰਾਂ ਅਜਾਇਬਘਰ (ਸੈਂਟਰਲ ਸਿੱਖ ਮਿਊਜ਼ੀਅਮ) 'ਚ ਲਗਾਉਣ ਦੀ ਐੱਸ. ਜੀ. ਪੀ. ਸੀ. ਨੂੰ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਸਾਕੇ ਦਾ ਵਿਸਥਾਰ ਅਤੇ ਸੱਚ ਪਹੁੰਚ ਸਕੇਗਾ ਅਤੇ ਅੱਜ ਦੇ ਯੁੱਗ 'ਚ ਨੌਜਵਾਨ ਪੀੜ੍ਹੀ ਨੂੰ ਅਤੇ ਆਉਣ ਵਾਲੀਆਂ ਨਸਲਾਂ ਨੂੰ ਧਰਮ ਅਤੇ ਨਿਆਂ ਲਈ ਡਟ ਜਾਣ ਦੀ ਪ੍ਰੇਰਣਾ ਮਿਲ ਸਕੇਗੀ। 

ਬਾਦਲ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਾਦਲ ਰਾਜ ਵੇਲੇ ਬਹਿਬਲ ਕਲਾਂ ਦਾ ਇਹ ਗੋਲੀਕਾਂਡ ਜੱਲਿਆਂਵਾਲੇ ਬਾਗ ਦੇ ਸਾਕੇ 'ਚ ਅੰਗਰੇਜ਼ਾਂ ਵੱਲੋਂ ਹਿੰਦੋਸਤਾਨੀਆਂ 'ਤੇ ਵਰ੍ਹਾਏ ਗਏ ਕਹਿਰ ਅਤੇ ਅੱਤਿਆਚਾਰ ਦੀ ਯਾਦ ਦਿਵਾਉਂਦਾ ਹੈ। ਦੱਸ ਦੇਈਏ ਕਿ 12 ਅਕਤੂਬਰ 2015 ਨੂੰ ਫਰੀਦਕੋਟ ਦੇ ਪਿੰਡ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਬਾਅਦ ਬਹਿਬਲ ਕਲਾਂ 'ਚ 14 ਅਕਤੂਬਰ 2015 ਨੂੰ ਸਿੱਖ ਸੰਗਤ ਸਿੱਖ ਧਰਮ ਖਾਤਿਰ ਨਿਆਂ ਮੰਗਦੇ ਹੋਏ ਧਰਨੇ 'ਤੇ ਬੈਠੀ ਸੀ। ਇਸੇ ਦੌਰਾਨ ਪੁਲਸ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਲਾਠੀਆਂ ਦਾ ਕਹਿਰ ਵਰ੍ਹਾਇਆ ਗਿਆ ਸੀ ਅਤੇ ਗੋਲੀਆਂ ਮਾਰ ਕੇ ਦੋ ਸਿੱਖ ਸ਼ਰਧਾਲੂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।