ਨਿਗਮ ਨੇ ਬਾਜ਼ਾਰਾਂ ''ਚੋਂ ਹਟਾਏ ਨਾਜਾਇਜ਼ ਕਬਜ਼ੇ

12/09/2017 6:57:49 AM

ਫਗਵਾੜਾ, (ਰੁਪਿੰਦਰ ਕੌਰ)— ਨਗਰ ਨਿਗਮ ਵਲੋਂ ਹਰੇਕ ਸ਼ੁੱਕਰਵਾਰ ਨੂੰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਚਾਲੂ ਰੱਖਦਿਆਂ ਬਾਜ਼ਾਰਾਂ ਦੇ ਹਰ ਹਿੱਸੇ ਵਿਚੋਂ ਹਦਾਇਤਾਂ ਦਿੰਦੇ ਲੋਕਾਂ ਦਾ ਵਿਰੋਧ ਸਹਿੰਦੇ ਕਬਜ਼ੇ ਹਟਾਏ ਗਏ। ਨਿਗਮ ਤੇ ਟ੍ਰੈਫਿਕ ਪੁਲਸ ਦੀ ਟੀਮ ਨੇ ਅੱਜ ਝਟਕਈਆਂ ਚੌਕ, ਸਰਾਏ ਬਾਜ਼ਾਰ, ਸਟਾਰਚ ਮਿੱਲ ਬਾਜ਼ਾਰ, ਤਹਿ ਬਾਜ਼ਾਰੀ ਬ੍ਰਾਂਚ ਤੇ ਬਿਲਡਿੰਗ ਬ੍ਰਾਂਚ ਵਿਚ ਨਾਜਾਇਜ਼ ਕਬਜ਼ੇ ਹਟਾਏ। ਨਿਗਮ ਦੀ ਟੀਮ ਵਲੋਂ ਸੰਤੋਖ ਸੁਪਰਡੈਂਟ, ਨਰੇਸ਼ ਕੁਮਾਰ, ਪਰਸਪਾਲ ਸਿੰਘ, ਗਗਨ ਸ਼ਰਮਾ, ਹਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਰਮਨ ਇੰਸਪੈਕਟਰ, ਹਰਮਿੰਦਰ ਛਾਬੜਾ ਤੇ ਟ੍ਰੈਫਿਕ ਪੁਲਸ ਵਲੋਂ ਐੱਸ. ਐੱਚ. ਓ. ਸੁੱਚਾ ਸਿੰਘ ਨੇ ਆਪਣੀ ਜ਼ਿੰਮੇਵਾਰੀ ਨਿਭਾਈ।
ਟੀਮ ਦੇ ਜਾਂਦੇ ਹੀ ਦੁਕਾਨਦਾਰ ਤੇ ਰੇਹੜੀਆਂ ਵਾਲਿਆਂ ਨੇ ਫਿਰ ਕੀਤੇ ਕਬਜ਼ੇ
ਜਿਸ ਤਰ੍ਹਾਂ ਹਰ ਵਾਰ ਵੇਖਣ ਨੂੰ ਮਿਲਦਾ ਹੈ ਕਿ ਨਿਗਮ ਤੇ ਪੁਲਸ ਦੀ ਟੀਮ ਸਿਰਫ ਹਦਾਇਤਾਂ ਦੇ ਕੇ ਕਬਜ਼ੇ ਤਾਂ ਚੁਕਵਾ ਜਾਂਦੀ ਹੈ ਪਰ ਦੁਕਾਨਦਾਰਾਂ 'ਤੇ ਇਸਦਾ ਕੋਈ ਅਸਰ ਨਹੀਂ ਹੁੰਦਾ। ਟੀਮ ਦੇ ਜਾਂਦੇ ਹੀ ਮੁੜ ਸਭ ਦੁਕਾਨਾਂ ਆਪਣੀ ਜਗ੍ਹਾ 'ਤੇ ਸਜ ਜਾਂਦੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੀਮ ਨੇ ਕਿਹਾ ਕਿ ਜੇ ਅਸੀਂ ਸਖ਼ਤੀ ਕਰਦੇ ਹਾਂ ਤਾਂ ਲੋਕ ਸਾਨੂੰ ਮਾਰਨ ਤਕ ਆ ਜਾਂਦੇ ਹਨ। ਇਸ ਲਈ ਸਾਨੂੰ ਪੁਲਸ ਦਾ ਸਹਾਰਾ ਲੈਣਾ ਪੈਂਦਾ ਹੈ।