ਨਵ ਵਿਆਹੇ ਜੋੜੇ ਨੂੰ ਮੋਹਾਲੀ ਦਾ ''ਲੰਚ'' ਪਿਆ ਮਹਿੰਗਾ

01/16/2018 12:15:26 PM

ਮੋਹਾਲੀ : ਵਿਆਹ ਦੀ ਪਹਿਲੀ ਲੋੜੀ ਮਨਾ ਕੇ ਮੋਹਾਲੀ ਵਾਪਸ ਆਏ ਇਕ ਨਵ ਵਿਆਹੇ ਜੋੜੇ ਨੂੰ ਇੱਥੋਂ ਦੇ ਫੇਜ਼-4 'ਚ ਲੰਚ ਕਰਨਾ ਮਹਿੰਗਾ ਪੈ ਗਿਆ। ਅਸਲ 'ਚ ਜਦੋਂ ਇਹ ਜੋੜਾ ਕਾਰ ਪਾਰਕਿੰਗ 'ਚ ਲਾ ਕੇ ਲੰਚ ਕਰਨ ਗਿਆ ਤਾਂ ਪਿੱਛੋਂ ਚੋਰਾਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਹਜ਼ਾਰਾਂ ਦੀ ਨਕਦੀ ਸਮੇਤ ਗਹਿਣਾ-ਗੱਟਾ ਵੀ ਚੋਰੀ ਕਰ ਲਿਆ।
ਜਾਣਕਾਰੀ ਮੁਤਾਬਕ ਪੀੜਤ ਅਤੁਲ ਪ੍ਰਿੰਜਾ ਨੇ ਮੋਹਾਲੀ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਹ ਪਠਾਨੋਕਟ ਦੇ ਵਸਨੀਕ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਹੈ। ਅਤੁਲ ਮੋਹਾਲੀ 'ਚ ਇਕ ਟੈਲੀਕਾਮ ਕੰਪਨੀ 'ਚ ਨੌਕਰੀ ਕਰਦਾ ਹੈ ਅਤੇ ਛੱਜੂਮਾਜਰਾ ਸੜਕ 'ਤੇ ਸਥਿਤ ਇਕ ਹਾਊਸਿੰਗ ਸੁਸਾਇਟੀ 'ਚ ਰਹਿੰਦਾ ਹੈ। ਵਿਆਹ ਤੋਂ ਬਾਅਦ ਉਸ ਦੀ ਪਹਿਲੀ ਲੋਹੜੀ ਸੀ, ਜੋ ਕਿ ਉਸ ਨੇ ਪਠਾਨਕੋਟ 'ਚ ਮਨਾਈ। ਐਤਵਾਰ ਸਵੇਰੇ ਹੀ ਪਠਾਨਕੋਟ ਤੋਂ ਉਹ ਆਪਣੀ ਪਤਨੀ ਨਵਕਿਰਨ ਨਾਲ ਆਪਣੇ ਘਰ ਪਰਤਿਆ ਸੀ। ਉਸ ਨੇ ਦੱਸਿਆ ਕਿ ਐਤਵਾਰ ਨੂੰ ਉਹ ਸਥਾਨਕ ਫੇਜ਼-4 ਦੀ ਮਾਰਕਿਟ ਦੀ ਪਾਰਕਿੰਗ 'ਚ ਆਪਣੀ ਕਾਰ ਪਾਰਕ ਕਰਕੇ ਦੁਪਹਿਰ ਦੀ ਰੋਟੀ ਖਾਣ ਲੱਗ ਪਏ। ਕਰੀਬ ਅੱਧੇ ਘੰਟੇ ਬਾਅਦ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਕਾਰ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਕਾਰ 'ਚ ਪਿਆ ਲੇਡੀਜ਼ ਪਰਸ ਗਾਇਬ ਸੀ, ਜਿਸ 'ਚ ਕਰੀਬ 6 ਹਜ਼ਾਰ ਨਕਦੀ, ਇਕ ਜੈੱਟਸ ਡਾਇਮੰਡ ਰਿੰਗ, ਇਕ ਨੈੱਕਲੇਸ, ਚਾਂਦੀ ਦੇ ਗੋਲਡ ਪਲੇਟਿੰਡ ਕੰਗਣ ਅਤੇ ਕਮਰਬੰਦ, ਮੋਬਾਇਲ ਫੋਨ ਤੋਂ ਇਲਾਵਾ ਕੁਝ ਜ਼ਰੂਰੀ ਦਸਤਾਵੇਜ਼ ਸਨ। ਅਤੁਲ ਨੇ ਤੁਰੰਤ ਇਸ ਦੀ ਸੂਚਨਾ ਮੋਹਾਲੀ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਅਤੇ ਸੂਚਨਾ ਮਿਲਦੇ ਹੀ ਪੀ. ਸੀ. ਆਰ. ਜਵਾਨ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।