ਨਿਊਜ਼ੀਲੈਂਡ ਰਹਿੰਦੇ ਪ੍ਰੇਮੀ ਕੋਲ ਜਾਣ ਲਈ ਪਤੀ ਤੋਂ 35 ਲੱਖ ਠੱਗੇ

04/05/2018 6:48:04 AM

ਫਗਵਾੜਾ, (ਰੁਪਿੰਦਰ ਕੌਰ)- ਪਿੰਡ ਭਾਖੜੀਆਣਾ ਦੇ ਇਕ ਪਰਿਵਾਰ ਨਾਲ ਸਾਜ਼ਿਸ਼ ਤਹਿਤ ਨਿਊਜ਼ੀਲੈਂਡ ਰਹਿੰਦੇ ਪ੍ਰੇਮੀ ਕੋਲ ਜਾਣ ਲਈ ਵਿਆਹ ਦਾ ਡਰਾਮਾ ਕਰ ਕੇ ਧੋਖਾਦੇਹੀ ਕਰਨ ਦੇ ਦੋਸ਼ ਵਿਚ ਰਾਵਲਪਿੰਡੀ ਪੁਲਸ ਨੇ ਜ਼ਿਲਾ ਐੱਸ. ਬੀ. ਐੱਸ. ਨਗਰ ਦੇ ਪਿੰਡ ਕੁਲਥਮ ਦੀ ਲੜਕੀ ਅਤੇ ਉਸਦੇ ਮਾਤਾ-ਪਿਤਾ ਖਿਲਾਫ ਮਾਮਲਾ ਦਰਜ ਕੀਤਾ ਹੈ। 
ਜਾਣਕਾਰੀ ਦਿੰਦਿਆਂ ਪੀੜਤ ਦਲਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭਾਖੜੀਆਣਾ ਨੇ ਦੱਸਿਆ ਕਿ ਉਸਦਾ ਵਿਆਹ 2 ਅਪ੍ਰੈਲ 2016 ਨੂੰ ਗੁਰਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਕੁਲਥਮ ਤਹਿਸੀਲ ਬੰਗਾ ਜ਼ਿਲਾ ਨਵਾਂਸ਼ਹਿਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਗੁਰਪ੍ਰੀਤ ਕੌਰ ਅਤੇ ਉਸਦੇ ਮਾਤਾ-ਪਿਤਾ ਨੇ ਆਈਲੈੱਟਸ ਕਰਵਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਦਲਜਿੰਦਰ ਸਿੰਘ ਅਨੁਸਾਰ ਉਸਨੇ ਆਪਣੀ ਪਤਨੀ ਦੀ ਖੁਸ਼ੀ ਲਈ ਆਈਲੈੱਟਸ ਵਿਚ ਦਾਖਲਾ ਲੈ ਦਿੱਤਾ। ਟੈਸਟ ਕਲੀਅਰ ਕਰਨ ਤੋਂ ਬਾਅਦ ਗੁਰਪ੍ਰੀਤ ਕੌਰ ਨੇ ਪੜ੍ਹਾਈ ਦੇ ਆਧਾਰ 'ਤੇ ਨਿਊਜ਼ੀਲੈਂਡ ਜਾਣ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਕੌਰ ਅਤੇ ਉਸਦੇ ਮਾਪਿਆਂ ਦੇ ਜ਼ਿਆਦਾ ਜ਼ੋਰ ਪਾਉਣ 'ਤੇ ਉਨ੍ਹਾਂ ਨਿਊਜ਼ੀਲੈਂਡ ਲਈ ਅਪਲਾਈ ਕਰ ਦਿੱਤਾ ਅਤੇ 23 ਮਈ 2017 ਨੂੰ ਗੁਰਪ੍ਰੀਤ ਕੌਰ ਨਿਊਜ਼ੀਲੈਂਡ ਚਲੀ ਗਈ। ਜਿਸ ਤੋਂ ਬਾਅਦ ਦਲਜਿੰਦਰ ਸਿੰਘ ਦਾ ਵੀਜ਼ਾ ਵੀ ਲੱਗ ਗਿਆ ਅਤੇ 7 ਜੁਲਾਈ 2017 ਨੂੰ ਉਹ ਵੀ ਨਿਊਜ਼ੀਲੈਂਡ ਪੁੱਜ ਗਿਆ। ਦਲਜਿੰਦਰ ਸਿੰਘ ਨੇ ਦੱਸਿਆ ਕਿ ਨਿਊਜ਼ੀਲੈਂਡ ਪੁੱਜਣ 'ਤੇ ਉਸਨੂੰ ਆਪਣੀ ਪਤਨੀ ਗੁਰਪ੍ਰੀਤ ਕੌਰ ਦਾ ਵਿਵਹਾਰ ਉਸ ਨਾਲ ਠੀਕ ਨਹੀਂ ਲੱਗਾ। ਉਹ ਕਾਲਜ ਤੋਂ ਕਾਫੀ ਦੇਰ ਨਾਲ ਆਉਂਦੀ ਅਤੇ ਕਈ ਵਾਰ ਤਾਂ ਰਾਤ ਨੂੰ ਵੀ ਬਾਹਰ ਹੀ ਰਹਿੰਦੀ ਸੀ। ਜਦੋਂ ਉਸਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਗੁਰਪ੍ਰੀਤ ਕੌਰ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 8 ਸਤੰਬਰ 2017 ਨੂੰ ਉਸਦੀ ਪਤਨੀ ਗੁਰਪ੍ਰੀਤ ਕੌਰ ਨੇ ਗੈਰ ਲੜਕਿਆਂ ਨੂੰ ਘਰ ਬੁਲਾ ਕੇ ਕੁੱਟਮਾਰ ਕੀਤੀ ਅਤੇ ਘਰੇਲੂ ਹਿੰਸਾ ਦਾ ਦੋਸ਼ ਲਾ ਕੇ ਉਸਨੂੰ ਗ੍ਰਿਫਤਾਰ ਕਰਵਾ ਦਿੱਤਾ। ਦਲਜਿੰਦਰ ਸਿੰਘ ਮੁਤਾਬਕ ਪੁਲਸ ਨੇ ਇਕ ਹਫਤਾ ਉਸਨੂੰ ਜੇਲ ਵਿਚ ਰੱਖਿਆ ਅਤੇ ਕਿਹਾ ਕਿ ਜੇਕਰ ਤੁਹਾਡੀ ਆਪਸ ਵਿਚ ਸੁਲਹਾ ਹੁੰਦੀ ਹੈ ਤਾਂ ਨਿਊਜ਼ੀਲੈਂਡ ਵਿਚ ਰਹਿ ਸਕਦੇ ਹੋ ਨਹੀਂ ਤਾਂ ਇੰਡੀਆ ਡਿਪੋਟ ਕਰ ਦੇਣਗੇ। ਇਕ ਹਫਤੇ ਦੀ ਜੇਲ ਕੱਟਣ ਤੋਂ ਬਾਅਦ ਦਲਜਿੰਦਰ ਸਿੰਘ ਇਕ ਗੁਰਦੁਆਰਾ ਸਾਹਿਬ ਵਿਚ ਅਤੇ ਫਿਰ ਕੁਝ ਜਾਣਕਾਰਾਂ ਕੋਲ ਰਿਹਾ ਅਤੇ ਆਪਣੇ ਸਹੁਰੇ ਪਰਿਵਾਰ ਨਾਲ ਸੰਪਰਕ ਕਰਨ ਲਈ ਉਨ੍ਹਾਂ ਨੂੰ ਫੋਨ ਕੀਤੇ ਪਰ ਸਹੁਰੇ ਪਰਿਵਾਰ ਨੇ ਫੋਨ ਨਹੀਂ ਚੁੱਕਿਆ।
ਉਸ ਦੱਸਿਆ ਕਿ ਉਸਨੂੰ ਪਤਾ ਲੱਗਾ ਕਿ ਉਸਦੀ ਪਤਨੀ ਦਾ ਵਿਆਹ ਤੋਂ ਪਹਿਲਾਂ ਹੀ ਨਿਊਜ਼ੀਲੈਂਡ ਵਿਚ ਰਹਿੰਦੇ ਲੜਕੇ ਨਾਲ ਪ੍ਰੇਮ ਸਬੰਧ ਸੀ ਅਤੇ ਉਸਨੇ ਵਿਆਹ ਦਾ ਢੌਂਗ ਸਿਰਫ ਉਸਦੇ ਪੈਸੇ 'ਤੇ ਨਿਊਜ਼ੀਲੈਂਡ ਜਾਣ ਲਈ ਆਪਣੇ ਮਾਪਿਆਂ ਨਾਲ ਸਾਜ਼ਿਸ਼ ਘੜ ਕੇ ਹੀ ਕੀਤਾ ਸੀ। ਦਲਜਿੰਦਰ ਸਿੰਘ ਅਨੁਸਾਰ ਉਸ ਨਾਲ ਗੁਰਪ੍ਰੀਤ ਕੌਰ ਤੇ ਉਸਦੇ ਪਰਿਵਾਰ ਨੇ ਕਰੀਬ 35 ਲੱਖ ਰੁਪਏ ਦੀ ਠੱਗੀ ਵਿਦੇਸ਼ ਜਾਣ ਦੇ ਨਾਂ 'ਤੇ ਕੀਤੀ ਹੈ। ਜਿਸ ਸਬੰਧੀ ਉਸਨੇ ਐੱਸ. ਪੀ. ਸਾਹਿਬ ਫਗਵਾੜਾ ਨੂੰ ਲਿਖਿਤ ਦਰਖਾਸਤ ਦਿੱਤੀ ਅਤੇ ਦਰਖਾਸਤ ਦੀ ਪੜਤਾਲ ਤੋਂ ਬਾਅਦ ਥਾਣਾ ਰਾਵਲਪਿੰਡੀ ਪੁਲਸ ਨੇ ਲੜਕੀ ਗੁਰਪ੍ਰੀਤ ਕੌਰ, ਉਸਦੇ ਪਿਤਾ ਮਨਜੀਤ ਸਿੰਘ ਅਤੇ ਮਾਤਾ ਮਨਜੀਤ ਕੌਰ ਖਿਲਾਫ ਸਾਜ਼ਿਸ਼ਨ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।