ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਏਜੰਟਾਂ ਨੇ ਮਾਰੀ ਠੱਗੀ, ਜਦੋਂ ਕੋਈ ਪੇਸ਼ ਨਾ ਚੱਲੀ ਤਾਂ ਕਰ ਲਈ ਖ਼ੁਦਕੁਸ਼ੀ

04/26/2024 6:14:43 PM

ਸਮਾਣਾ (ਦਰਦ, ਅਸ਼ੋਕ) : ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ 1.60 ਲੱਖ ਰੁਪਏ ਦੇਣ ਦੇ ਬਾਵਜੂਦ ਵਿਦੇਸ਼ ਨਾ ਭੇਜਣ ਅਤੇ ਦਿੱਤੇ ਗਏ ਪੈਸੇ ਵਾਪਸ ਨਾ ਮਿਲਣ ਤੋਂ ਦੁਖੀ ਵਿਅਕਤੀ ਵੱਲੋਂ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵੱਲੋਂ ਲਿਖੇ ਸੁਸਾਈਡ ਨੋਟ ਦੇ ਮਿਲਣ 'ਤੇ ਸਿਟੀ ਪੁਲਸ ਨੇ ਜਲੰਧਰ ਦੇ ਦੀਪਕ, ਪ੍ਰਦੀਪ ਅਤੇ ਕ੍ਰੈਡਿਟ ਕਾਰਡ ਦੀ ਪੇਮੈਂਟ ਵਾਲੇ ਰੋਕੀ ਖ਼ਿਲਾਫ ਆਤਮ ਹੱਤਿਆ ਲਈ ਮਜਬੂਰ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੀ ਏ.ਐੱਸ.ਆਈ. ਜੱਜਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਸਿੰਘ (48) ਨਿਵਾਸੀ ਪਿੰਡ ਬੜਿੰਗ, ਜਲੰਧਰ ਕੈਂਟ, ਹਾਲ ਆਬਾਦ ਸ੍ਰੀ ਮਹਾਦੇਵ ਧਾਗਾ ਫੈਕਟਰੀ ਸਮਾਣਾ ਦੇ ਪੁੱਤਰ ਹਰੀਸ਼ ਕੁਮਾਰ ਵੱਲੋਂ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 1.60 ਲੱਖ ਰੁਪਏ ਠੱਗੇ ਜਾਣ ਕਾਰਨ ਉਸ ਦਾ ਪਿਤਾ ਦੁਖੀ ਸੀ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਭਾਖੜਾ ਨਹਿਰ 'ਚ ਰੁੜੇ ਜੀਜਾ-ਸਾਲਾ

ਉਹ 23 ਅਪ੍ਰੈਲ ਨੂੰ ਕੰਮ ਦੇ ਸਿਲਸਿਲੇ ‘ਚ ਪਾਣੀਪਤ ਗਿਆ ਸੀ ਪਰ ਵਾਪਸ ਨਹੀਂ ਆਇਆ ਅਤੇ ਉਸ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। 25 ਅਪ੍ਰੈਲ ਨੂੰ ਕੋਰੀਅਰ ਰਾਹੀਂ ਬੰਦ ਲਿਫਾਫੇ 'ਚ ਉਸ ਦੇ ਵੱਲੋਂ ਲਿਖਤ ਸੁਸਾਈਡ ਨੋਟ ਮਿਲਣ 'ਤੇ ਭਾਖੜਾ ਨਹਿਰ 'ਚੋਂ ਮ੍ਰਿਤਕ ਦੀ ਲਾਸ਼ ਮਿਲਣ ਉਪਰੰਤ ਸਿਟੀ ਪੁਲਸ ਨੇ ਸੁਸਾਈਡ ਨੋਟ ਵਿਚ ਦੱਸੇ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਅਧਿਕਾਰੀ ਅਨੁਸਾਰ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਅਤੇ ਸੁਸਾਈਡ ਨੋਟ 'ਚ ਲਿਖੇ ਮੁਲਜ਼ਮਾਂ ਦੇ ਮੋਬਾਈਲ ਨੰਬਰਾਂ ਦੀ ਡਿਟੇਲ ਕਾਲ ਕਢਵਾਉਣ ਤੋਂ ਇਲਾਵਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

Gurminder Singh

This news is Content Editor Gurminder Singh