ਮੋਹਾਲੀ ਪੁਲਸ ਦੇ ਬੇੜੇ ''ਚ ਬੁਲੇਟ ਪਰੂਫ ਸਕਾਰਪੀਓ ਗੱਡੀ ਸ਼ਾਮਲ

06/18/2017 8:07:12 AM

ਮੋਹਾਲੀ (ਕੁਲਦੀਪ) - ਪੰਜਾਬ 'ਚ ਗੈਂਗਸਟਰਾਂ ਦੀਆਂ ਦਿਨੋ-ਦਿਨ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਖਤਰਨਾਕ ਕਿਸਮ ਦੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਅਫਸਰਾਂ ਤੇ ਮੁਲਾਜ਼ਮਾਂ ਦੀ ਸੁਰੱਖਿਆ ਕਵਚ ਦੇ ਤੌਰ 'ਤੇ ਸੀ. ਆਈ. ਏ. ਸਟਾਫ ਨੂੰ ਬੁਲਟ ਪਰੂਫ ਸਕਾਰਪੀਓ ਗੱਡੀ ਤੇ ਬੁਲੇਟ ਪਰੂਫ ਜੈਕੇਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਪੁਲਸ ਵਿਭਾਗ ਵਲੋਂ ਮੋਹਾਲੀ ਪੁਲਸ ਦੇ ਬੇੜੇ 'ਚ ਵੀ ਇਕ ਨਵੀਂ 'ਬੁਲੇਟ ਪਰੂਫ ਸਕਾਰਪੀਓ'  ਸ਼ਾਮਲ ਕੀਤੀ ਗਈ ਹੈ ਅਤੇ ਕੁਝ ਬੁਲੇਟ ਪਰੂਫ ਜੈਕੇਟਾਂ ਵੀ ਮੁਲਾਜ਼ਮਾਂ ਤੇ ਅਫਸਰਾਂ ਲਈ ਮਿਲੀਆਂ ਹਨ।
ਐੱਸ. ਪੀ. (ਡੀ.) ਹਰਬੀਰ ਸਿੰਘ ਅਟਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਮੁਤਾਬਕ ਇਹ ਬੁਲੇਟ ਪਰੂਫ ਗੱਡੀ ਐੱਮ. ਟੀ. ਓ. ਆਫਿਸ ਵਿਖੇ ਖੜ੍ਹੀ ਕੀਤੀ ਜਾਵੇਗੀ, ਜਦੋਂ ਵੀ ਕਿਤੇ ਮੋਹਾਲੀ ਪੁਲਸ ਵਲੋਂ ਕਿਸੇ ਖਤਰਨਾਕ ਗੈਂਗਸਟਰ ਨੂੰ ਗ੍ਰਿਫਤਾਰ ਕਰਨ ਲਈ ਰੇਡ ਆਦਿ ਕਰਨੀ ਹੋਵੇਗੀ ਜਾਂ ਅਜਿਹਾ ਕੋਈ ਹੋਰ ਆਪ੍ਰੇਸ਼ਨ ਕਰਨਾ ਹੋਵੇਗਾ ਤਾਂ ਉਥੇ ਜਾਣ ਲਈ ਸਬੰਧਿਤ ਪੁਲਸ ਅਧਿਕਾਰੀ ਤੇ ਸਟਾਫ ਇਸ ਨੂੰ ਲਿਜਾ ਸਕਣਗੇ। ਇਹ ਸਕਾਰਪੀਓ ਗੱਡੀ 'ਰਕਸ਼ਕ ਪਲੱਸ' ਦੇ ਨਾਂ ਨਾਲ ਪ੍ਰਸਿੱਧ ਹੈ।
ਐੱਸ. ਐੱਸ. ਪੀ. ਮੋਹਾਲੀ ਕੋਲ ਪਹਿਲਾਂ ਹੀ ਹੈ ਬੁਲੇਟ ਪਰੂਫ ਗੱਡੀ
ਦੱਸਣਯੋਗ ਹੈ ਕਿ ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਾਹਲ ਕੋਲ ਪਹਿਲਾਂ ਹੀ ਬੁਲੇਟ ਪਰੂਫ ਗੱਡੀ ਹੈ। ਜਾਣਕਾਰੀ ਮੁਤਾਬਿਕ ਚਾਹਲ ਨੂੰ ਬੀਤੇ ਸਮੇਂ 'ਚ ਖਤਰਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਮਿਲੀਆਂ ਧਮਕੀਆਂ ਤੋਂ ਬਾਅਦ ਇਹ ਬੁਲੇਟ ਪਰੂਫ ਗੱਡੀ ਮੁਹੱਈਆ ਕਰਵਾਈ ਗਈ ਸੀ। ਇਸ ਦੇ ਨਾਲ ਹੀ ਐੱਸ. ਐੱਸ. ਪੀ. ਸਵੱਪਨ ਸ਼ਰਮਾ ਨੂੰ ਵੀ ਬੁਲੇਟ ਪਰੂਫ ਗੱਡੀ ਮੁਹੱਈਆ ਕਰਵਾਈ ਗਈ ਸੀ।