ਸਰਕਾਰੀ ਨੌਕਰੀ ਕਰਨ ਵਾਲੀਆਂ ਕੁਆਰੀਆਂ ਕੁੜੀਆਂ ਤੇ ਵਿਧਵਾਵਾਂ ਲਈ ਪੰਜਾਬ ਸਰਕਾਰ ਦਾ ਵੱਡਾ ਆਫਰ

04/14/2017 11:37:09 AM

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਨੇ ਸਾਲ 2017-18 ਦੌਰਾਨ ਰਾਜ ਵਿਚ ਸਰਕਾਰੀ ਅਫ਼ਸਰਾਂ ਅਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਬਾਰੇ ਸੇਧਾਂ ਜਾਰੀ ਕੀਤੀਆਂ ਹਨ। ਵੀਰਵਾਰ ਨੂੰ ਇਥੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਬਦਲੀਆਂ 1 ਮਈ ਤੋਂ 31 ਮਈ ਤੱਕ ਕੀਤੀਆਂ ਜਾਣਗੀਆਂ। ਬੁਲਾਰੇ ਨੇ ਕਿਹਾ ਕਿ ਰਾਜ ਸਰਕਾਰ ਦੀ ਬਦਲੀਆਂ ਬਾਰੇ ਨੀਤੀ ਤਹਿਤ ਇਸ ਵਾਰੀ ਬਦਲੀਆਂ ਘੱਟ ਤੋਂ ਘੱਟ ਕੀਤੀਆਂ ਜਾਣਗੀਆਂ। ਜਿਹੜੇ ਗਜ਼ਟਿਡ ਜਾਂ ਨਾਨ-ਗਜ਼ਟਿਡ ਕਰਮਚਾਰੀ ਅਗਲੇ ਦੋ ਸਾਲਾਂ ਵਿਚ ਸੇਵਾਮੁਕਤ ਹੋਣ ਵਾਲੇ ਹਨ, ਨੂੰ ਜਿੱਥੋਂ ਤੱਕ ਸੰਭਵ ਹੋ ਸਕਿਆ ਨਿਯੁਕਤੀ ਵਾਲੇ ਸਥਾਨ ''ਤੇ ਹੀ ਰਹਿਣ ਦਿੱਤਾ ਜਾਵੇਗਾ। ਪਤੀ-ਪਤਨੀ ਵਾਲੇ ਕੇਸਾਂ ਸਬੰਧੀ ਬੁਲਾਰੇ ਨੇ ਕਿਹਾ ਕਿ ਜੇਕਰ ਪਤੀ-ਪਤਨੀ ਦੋਵੇਂ ਸਰਕਾਰੀ ਸੇਵਾ ਵਿਚ ਹਨ ਤਾਂ ਸਰਕਾਰ ਉਨ੍ਹਾਂ ਨੂੰ ਪੰਜ ਸਾਲ ਤੱਕ ਇਕੋ ਸਟੇਸ਼ਨ ''ਤੇ ਰੱਖਣ ਦੀ ਇੱਛੁਕ ਹੈ ਅਤੇ ਉਸ ਉਪਰੰਤ ਤਬਾਦਲਾ ਨੀਤੀ ਤਹਿਤ ਉਨ੍ਹਾਂ ਦੀ ਬਦਲੀ ਕੀਤੀ ਜਾ ਸਕਦੀ ਹੈ। ਕੁਆਰੀਆਂ ਲੜਕੀਆਂ ਅਤੇ ਵਿਧਵਾਵਾਂ ਨੂੰ ਜਿੱਥੋਂ ਤੱਕ ਸੰਭਵ ਹੋ ਸਕਿਆ, ਉਨ੍ਹਾਂ ਦੀ ਮਰਜ਼ੀ ਦੀ ਥਾਂ ''ਤੇ ਨਿਯੁਕਤ ਕੀਤਾ ਜਾਵੇਗਾ। ਜਿਨ੍ਹਾਂ ਕੇਸਾਂ ਵਿਚ ਪਤੀ-ਪਤਨੀ ਸਰਕਾਰੀ ਨੌਕਰੀ ਵਿਚ ਹੋਣ, ਪਤੀ ਕਿਸੇ ਪ੍ਰਾਈਵੇਟ ਰੋਜ਼ਗਾਰ ਵਿਚ ਹੋਵੇ ਤਾਂ ਉਨ੍ਹਾਂ ਦੇ ਕੇਸ ਵਿਚ ਵੀ ਅਜਿਹੀ ਨੀਤੀ ਹੀ ਅਪਣਾਈ ਜਾਵੇ।
ਅਪਾਹਜ ਅਤੇ ਨੇਤਰਹੀਣ ਕਰਮਚਾਰੀਆਂ ਨੂੰ ਸਰਕਾਰ ਉਨ੍ਹਾਂ ਦੀ ਮਰਜ਼ੀ ਦੀ ਥਾਂ ''ਤੇ ਨਿਯੁਕਤ ਕਰਨ ਦਾ ਯਤਨ ਕਰੇਗੀ। ਅਜਿਹੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰ ਦੇ ਸਭ ਤੋਂ ਨੇੜਲੇ ਸਟੇਸ਼ਨ ''ਤੇ ਨਿਯੁਕਤ ਕੀਤਾ ਜਾਵੇਗਾ। ਇੱਕੋ ਥਾਂ ਉਤੇ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ ਸਮਾਂ ਨਿਯੁਕਤ ਰਹਿਣ ਲਈ ਕ੍ਰਮਵਾਰ 3 ਅਤੇ 5 ਸਾਲ ਦਾ ਸਮਾਂ ਗਿਣਿਆ ਜਾਵੇਗਾ, ਇਸੇ ਤਰ੍ਹਾਂ ਗਰੁੱਪ ''ਏ'' ਅਤੇ ਗਰੁੱਪ ''ਬੀ'' ਦੇ ਅਫਸਰਾਂ ਨੂੰ ਪੂਰੀ ਸੇਵਾ ਦੌਰਾਨ ਕਿਸੇ ਇਕੋ ਜ਼ਿਲੇ ਵਿਚ 7 ਸਾਲਾਂ ਤੋਂ ਵੱਧ ਸਮੇਂ ਲਈ ਨਿਯੁਕਤ ਨਹੀਂ ਕੀਤਾ ਜਾਵੇਗਾ। ਵਿਸ਼ੇਸ਼ ਦਫ਼ਤਰਾਂ ਵਿਚ ਜਿਨ੍ਹਾਂ ਸੀਟਾਂ ਦੇ ਕਰਮਚਾਰੀਆਂ ਦਾ ਆਮ ਲੋਕਾਂ ਨਾਲ ਵਧੇਰੇ ਵਾਹ ਪੈਂਦਾ ਹੋਵੇਗਾ, ਨੂੰ 2 ਸਾਲਾਂ ਤੋਂ ਵੱਧ ਸਮਾਂ ਇਕੋ ਸੀਟ ''ਤੇ ਨਹੀਂ ਰਹਿਣ ਦਿੱਤਾ ਜਾਵੇਗਾ।
ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦਾ ਇਕ ਥਾਂ ਉਤੇ 3 ਸਾਲਾਂ ਦਾ ਸੇਵਾਕਾਲ ਮੁਕੰਮਲ ਨਹੀਂ ਹੋਇਆ, ਉਨ੍ਹਾਂ ਦੀ ਬਦਲੀ ਸਿਰਫ ਕਿਸੇ ਸ਼ਿਕਾਇਤ ਵਿਚ ਸਜ਼ਾ ਦੇ ਆਧਾਰ ''ਤੇ ਜਾਂ ਕਿਸੇ ਠੋਸ ਪ੍ਰਬੰਧਕੀ ਕਾਰਨ ਹੀ ਕੀਤੀ ਜਾ ਸਕੇਗੀ। ਜਿਨ੍ਹਾਂ ਅਫਸਰਾਂ ਜਾਂ ਕਰਮਚਾਰੀਆਂ ਨੂੰ ਸਰਹੱਦੀ ਖੇਤਰਾਂ, ਬੇਟ ਦੇ ਇਲਾਕੇ ਜਾਂ ਕੰਡੀ ਖੇਤਰ ਵਿਚ ਨਿਯੁਕਤ ਕੀਤਾ ਗਿਆ ਹੋਵੇ, ਉਹ ਉਥੇ ਘੱਟੋ-ਘੱਟ 2 ਸਾਲ ਲਈ ਨਿਯੁਕਤ ਰਹਿਣਗੇ। ਬਾਰਡਰ ਏਰੀਆ, ਬੇਟ ਏਰੀਆ ਅਤੇ ਕੰਡੀ ਏਰੀਆ ਵਿਚ ਤਾਇਨਾਤ ਕਰਮਚਾਰੀ ਅਤੇ ਅਧਿਕਾਰੀ ਘੱਟ ਤੋਂ ਘੱਟ ਸਮੇਂ ਲਈ ਉਥੇ ਰਹਿਣੇ ਚਾਹੀਦੇ ਹਨ। ਜਿਨ੍ਹਾਂ ਸਰਕਾਰੀ ਕਰਮਚਾਰੀਆਂ/ ਅਧਿਕਾਰੀਆਂ ਦਾ ਕੋਈ ਬੱਚਾ ਦਿਮਾਗੀ ਤੌਰ ''ਤੇ ਠੀਕ ਨਾ ਹੋਵੇ, ਉਨ੍ਹਾਂ ਦੀਆਂ ਤਾਇਨਾਤੀਆਂ/ਬਦਲੀਆਂ ਕਰਨ ਸਮੇਂ ਉਨ੍ਹਾਂ ਨਾਲ ਹਮਦਰਦੀ ਦਾ ਰਵੱਈਆ ਰੱਖਦੇ ਹੋਏ ਉਨ੍ਹਾਂ ਦੀ ਪਸੰਦ ਦੀ ਥਾਂ ''ਤੇ ਤਾਇਨਾਤ ਕਰਨ ਦਾ ਯਤਨ ਕੀਤਾ ਜਾਵੇ। ਇਹ ਸਮਾਂ ਸੀਮਾ ਸਿੱਖਿਆ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਕਰਮਚਾਰੀਆਂ ''ਤੇ ਲਾਗੂ ਨਹੀਂ ਹੋਵੇਗੀ। ਸਿਖਿਆ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀ ਬਦਲੀ ਸਬੰਧੀ ਸਾਫਟਵੇਅਰ ਮਾਣਯੋਗ ਮੁੱਖ ਮੰਤਰੀ ਦੀ ਪ੍ਰਵਾਨਗੀ ਲੈਣ ਉਪਰੰਤ ਤਿਆਰ ਕੀਤਾ ਜਾਵੇਗਾ। ਸਕੂਲ ਸਿੱਖਿਆ ਵਿਭਾਗ, ਉਚੇਰੀ ਸਿੱਖਿਆ ਵਿਭਾਗ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਵਿਭਾਗ, ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵਿਚ ਬਦਲੀਆਂ ਅਤੇ ਤਾਇਨਾਤੀਆਂ ਉਨ੍ਹਾਂ ਅਧੀਨ ਸੰਸਥਾਵਾਂ ਦੇ ਵਿਦਿਅਕ ਵਰ੍ਹੇ ਨੂੰ ਮੁੱਖ ਰੱਖ ਕੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ 1 ਜੂਨ ਤੋਂ 30 ਜੂਨ ਤੱਕ ਲਾਗੂ ਕੀਤੀਆਂ ਜਾਣਗੀਆਂ।

Babita Marhas

This news is News Editor Babita Marhas