ਪੰਜਾਬ 'ਚ ਨਵੇਂ ਟ੍ਰੈਫਿਕ ਨਿਯਮ ਲਾਗੂ, ਕਾਰਾਂ-ਗੱਡੀਆਂ ਚਲਾਉਣ ਵਾਲੇ ਜ਼ਰਾ ਧਿਆਨ ਨਾਲ ਪੜ੍ਹਨ ਇਹ ਖ਼ਬਰ

02/20/2024 10:36:57 AM

ਲੁਧਿਆਣਾ (ਸੰਨੀ) : ਪੰਜਾਬ 'ਚ ਹੁਣ ਨਵੇਂ ਟ੍ਰੈਫਿਕ ਨਿਯਮ ਲਾਗੂ ਹੋ ਗਏ ਹਨ। ਹੁਣ ਕਾਰ ਦੀ ਪਿਛਲੀ ਸੀਟ ’ਤੇ ਬੈਠੀਆਂ ਸਵਾਰੀਆਂ ਨੇ ਵੀ ਜੇਕਰ ਸੀਟ ਬੈਲਟ ਨਾ ਲਾਈ ਤਾਂ ਅਜਿਹੇ ਚਾਲਕਾਂ ਦਾ ਚਲਾਨ ਕੀਤਾ ਜਾਵੇਗਾ। ਹਾਲ ਦੀ ਘੜੀ ਟ੍ਰੈਫਿਕ ਪੁਲਸ ਲੋਕਾਂ ਨੂੰ ਜਾਗਰੂਕ ਕਰਨ ’ਚ ਲੱਗੀ ਹੋਈ ਹੈ। ਇਸ ਸਬੰਧੀ ਬੀਤੇ ਦਿਨੀਂ ਏ. ਡੀ. ਜੀ. ਪੀ. ਟ੍ਰੈਫਿਕ ਏ. ਐੱਸ. ਰਾਏ ਵੱਲੋਂ ਵੀ ਸਾਰੇ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀਜ਼. ਨੂੰ ਹਦਾਇਤ ਜਾਰੀ ਕੀਤੀ ਗਈ ਸੀ। ਲੋਕਾਂ ਨੂੰ ਜਾਗਰੂਕ ਕਰਨ ਦੀ ਕੜੀ ਤਹਿਤ ਏ. ਸੀ. ਪੀ. ਟ੍ਰੈਫਿਕ ਗੁਰਪ੍ਰੀਤ ਸਿੰਘ ਸਿੰਧੂ ਨੇ ਸਮਰਾਲਾ ਚੌਂਕ ’ਚ ਆਪਣੀ ਟੀਮ ਨੂੰ ਨਾਲ ਲੈ ਕੇ ਸੜਕ ’ਤੇ ਜਾ ਰਹੇ ਲੋਕਾਂ ਨੂੰ ਰੋਕ ਕੇ ਜਾਗਰੂਕ ਕੀਤਾ ਕਿ ਕਾਰ ਦੀ ਪਿਛਲੀ ਸੀਟ ਬੈਲਟ ’ਤੇ ਬੈਠੀਆਂ ਸਵਾਰੀਆਂ ਲਈ ਵੀ ਸੀਟ ਬੈਲਟ ਲਾਉਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਅਗਲੀ ਸੀਟ ’ਤੇ ਬੈਠੀਆਂ ਸਵਾਰੀਆਂ ਲਈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਰ ’ਚ ਸਫ਼ਰ ਕਰਦੇ ਸਮੇਂ ਪਿਛਲੀ ਸੀਟ ’ਤੇ ਬੈਠੀਆਂ ਸਵਾਰੀਆਂ ਵੀ ਸੀਟ ਬੈਲਟ ਜ਼ਰੂਰ ਲਾਉਣ। ਅਜੇ ਪੁਲਸ ਵਿਭਾਗ ਵੱਲੋਂ ਕੁੱਝ ਦਿਨਾਂ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਬਾਅਦ ਟ੍ਰੈਫਿਕ ਪੁਲਸ ਕਾਰਵਾਈ ਸ਼ੁਰੂ ਕਰੇਗੀ। ਇਸ ਦੌਰਾਨ ਜ਼ੋਨ ਇੰਚਾਰਜ ਇੰਸ. ਨਰਿੰਦਰ ਸਿੰਘ ਸੋਹੀ ਅਤੇ ਏ. ਐੱਸ. ਆਈ. ਅਵਤਾਰ ਸਿੰਘ ਸੰਧੂ ਵੀ ਹਾਜ਼ਰ ਰਹੇ।

ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ
ਬਿਨਾਂ ਵੈਧ ਕਾਗਜ਼ ਆਟੋ ਰਿਕਸ਼ਾ ਦੇ ਚਲਾਨ ਜਾਰੀ
ਟ੍ਰੈਫਿਕ ਪੁਲਸ ਵੱਲੋਂ ਸੜਕਾਂ ’ਤੇ ਬਿਨਾਂ ਵੈਧ ਕਾਗਜ਼ਾਂ ਦੇ ਚੱਲ ਰਹੇ ਆਟੋ ਰਿਕਸ਼ਾ ਦੇ ਚਲਾਨ ਲਗਾਤਾਰ ਜਾਰੀ ਹਨ। ਪਿਛਲੇ ਕੁੱਝ ਦਿਨਾਂ ’ਚ ਹੀ ਪੁਲਸ ਨੇ ਅਜਿਹੇ ਸੈਂਕੜੇ ਆਟੋ ਚਾਲਕਾਂ ਦੇ ਚਲਾਨ ਕੀਤੇ ਹਨ ਅਤੇ ਦਰਜਨਾਂ ਨੂੰ ਕਾਗਜ਼ ਨਾ ਹੋਣ ਕਾਰਨ ਜ਼ਬਤ ਕਰ ਲਿਆ। ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਅਜਿਹੇ ਆਟੋ ਰਿਕਸ਼ਾ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪੁਲਸ ਦੀ ਨਜ਼ਰ ਅਜਿਹੇ ਵਾਹਨਾਂ ’ਤੇ ਹੈ, ਜੋ 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਹਨ। ਨਿਯਮਾਂ ਮੁਤਾਬਕ 15 ਸਾਲ ਤੋਂ ਵੱਧ ਪੁਰਾਣਾ ਆਟੋ ਰਿਕਸ਼ੇ ਸੜਕਾਂ ’ਤੇ ਕਿਸੇ ਵੀ ਹਾਲਤ ’ਚ ਨਹੀਂ ਚੱਲ ਸਕਦੇ।

ਇਹ ਵੀ ਪੜ੍ਹੋ : ਪੰਜਾਬ 'ਚ ਫ਼ੌਜ ਦੇ ਚਿਨੂਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਵੱਡੀ ਗਿਣਤੀ 'ਚ ਇਕੱਠੇ ਹੋ ਗਏ ਲੋਕ (ਵੀਡੀਓ)
ਆਟੋ ਚਾਲਕਾਂ ਲਈ ਸਟੀਲ ਗ੍ਰੇਅ ਰੰਗ ਦੀ ਵਰਦੀ ਜ਼ਰੂਰੀ
ਇਸ ਦੇ ਨਾਲ ਹੀ ਆਟੋ ਰਿਕਸ਼ਾ ਚਾਲਕਾਂ ਲਈ ਸਟੀਲ ਗ੍ਰੇਅ ਰੰਗ ਦੀ ਵਰਦੀ ਵੀ ਜ਼ਰੂਰੀ ਕਰ ਦਿੱਤੀ ਗਈ ਹੈ। ਇਸ ਦੇ ਲਈ ਵੀ ਟ੍ਰੈਫਿਕ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਲਦ ਹੀ ਟ੍ਰੈਫਿਕ ਪੁਲਸ ਚੌਂਕਾਂ ’ਚ ਸਪੀਕਰ ਲਗਾ ਕੇ ਅਨਾਊਂਸਮੈਂਟ ਜ਼ਰੀਏ ਆਟੋ ਚਾਲਕਾਂ ਨੂੰ ਅਪੀਲ ਕਰੇਗੀ ਕਿ ਉਹ 15 ਸਾਲ ਤੋਂ ਪੁਰਾਣੇ ਆਟੋ ਰਿਕਸ਼ਾ ਸੜਕਾਂ ’ਤੇ ਨਾ ਚਲਾਉਣ ਅਤੇ ਆਪਣੇ ਨਾਲ ਸਾਰੇ ਜ਼ਰੂਰੀ ਕਾਗਜ਼ ਰੱਖਣ। ਇਸ ਦੇ ਨਾਲ ਹੀ ਆਟੋ ਰਿਕਸ਼ਾ ਚਾਲਕ ਸਟੀਲ ਗ੍ਰੇਅ ਰੰਗ ਦੀ ਵਰਦੀ ਵੀ ਪਹਿਨਣ, ਤਾਂ ਕਿ ਉਨ੍ਹਾਂ ਦੀ ਪਛਾਣ ਹੋ ਸਕੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
 

Babita

This news is Content Editor Babita