ਨਵੀਂ ਐਕਸਾਈਜ਼ ਪਾਲਿਸੀ : 277 ਕਰੋੜ ਦੇ 7 ਗਰੁੱਪਾਂ ਨੂੰ ਰੀਨਿਊ ਕਰਵਾਉਣ ਲਈ ਨਹੀਂ ਆਈ ਕੋਈ ਅਰਜ਼ੀ

03/15/2023 10:41:52 AM

ਜਲੰਧਰ (ਪੁਨੀਤ)–ਐਕਸਾਈਜ਼ ਵਿਭਾਗ ਵੱਲੋਂ ਠੇਕੇਦਾਰਾਂ ਨੂੰ 12 ਫ਼ੀਸਦੀ ਦਾ ਵਾਧਾ ਦੇ ਕੇ ਗਰੁੱਪ ਰੀਨਿਊ ਕਰਨ ਦੀ ਜਿਹੜੀ ਯੋਜਨਾ ਬਣਾਈ ਗਈ ਸੀ, ਉਹ 100 ਫ਼ੀਸਦੀ ਸਫ਼ਲ ਨਹੀਂ ਹੋ ਸਕੀ। ਜਲੰਧਰ ਅਧੀਨ 20 ਗਰੁੱਪਾਂ ਵਿਚੋਂ 277 ਕਰੋੜ ਦੀ ਕੀਮਤ ਵਾਲੇ 7 ਗਰੁੱਪਾਂ ਨੂੰ ਰੀਨਿਊ ਕਰਵਾਉਣ ਲਈ ਕੋਈ ਅਰਜ਼ੀ ਜਮ੍ਹਾ ਨਹੀਂ ਹੋਈ ਅਤੇ ਅੰਤਿਮ ਤਰੀਕ ਬੀਤੇ ਦਿਨ ਲੰਘ ਗਈ ਹੈ। ਇਸ ਕਾਰਨ ਹੁਣ ਬਾਕੀ ਬਚੇ ਗਰੁੱਪਾਂ ਨੂੰ ਈ-ਟੈਂਡਰ ਜ਼ਰੀਏ ਨਿਲਾਮ ਕਰਵਾਇਆ ਜਾ ਰਿਹਾ ਹੈ। ਜਲੰਧਰ ਅਧੀਨ ਕੁੱਲ 20 ਗਰੁੱਪਾਂ ਵਿਚ ਜਲੰਧਰ ਈਸਟ ਦੇ 7, ਵੈਸਟ-ਏ ਦੇ 7 ਅਤੇ ਵੈਸਟ-ਬੀ ਦੇ 6 ਗਰੁੱਪ ਬਣਾਏ ਗਏ ਹਨ। ਇਨ੍ਹਾਂ ਵਿਚੋਂ ਜਿਹੜੇ 7 ਗਰੁੱਪਾਂ ਲਈ ਅਰਜ਼ੀ ਨਹੀਂ ਦਿੱਤੀ ਗਈ, ਉਨ੍ਹਾਂ ਵਿਚੋਂ 43.26 ਕਰੋੜ ਦੀ ਕੀਮਤ ਵਾਲਾ ਜੋਤੀ ਚੌਂਕ, 42.53 ਕਰੋੜ ਦਾ ਰੇਲਵੇ ਸਟੇਸ਼ਨ, 41.65 ਕਰੋੜ ਕੀਮਤ ਦਾ ਲੰਮਾ ਪਿੰਡ, 36.15 ਕਰੋੜ ਦਾ ਬੱਸ ਸਟੈਂਡ, 35.98 ਕਰੋੜ ਦਾ ਮਾਡਲ ਟਾਊਨ, 42.02 ਕਰੋੜ ਦਾ ਆਦਮਪੁਰ ਅਤੇ 36.12 ਦੀ ਕੀਮਤ ਵਾਲਾ ਗੋਰਾਇਆ ਸ਼ਾਮਲ ਹੈ। ਬਾਕੀ ਬਚੇ ਗਰੁੱਪਾਂ ਦੀ ਕੀਮਤ 277 ਕਰੋੜ ਬਣਦੀ ਹੈ।

ਇਹ ਵੀ ਪੜ੍ਹੋ: ਪਿਆਕੜਾਂ ਲਈ ਅਹਿਮ ਖ਼ਬਰ, ਨਵੀਂ ਐਕਸਾਈਜ਼ ਪਾਲਿਸੀ ਤਹਿਤ ਵੱਧਣਗੇ ਸ਼ਰਾਬ ਦੇ ਰੇਟ

ਰਿਜ਼ਰਵ ਕੀਮਤ ਮੁਤਾਬਕ ਜਲੰਧਰ ਦੇ ਤਿੰਨਾਂ ਜ਼ੋਨਾਂ ਦੇ ਗਰੁੱਪਾਂ ਦੀ ਕੀਮਤ 759 ਕਰੋੜ ਤੋਂ ਵੱਧ ਬਣਦੀ ਹੈ ਅਤੇ ਇਨ੍ਹਾਂ ਵਿਚੋਂ 277.71 ਕਰੋੜ ਦੀ ਕੀਮਤ ਦੇ ਗਰੁੱਪਾਂ ਨੂੰ ਵੇਚਣ ਲਈ ਵਿਭਾਗ ਨੇ ਨਿਲਾਮੀ ਸ਼ੁਰੂ ਕਰ ਦਿੱਤੀ ਹੈ। ਠੇਕੇਦਾਰਾਂ ਦੀ ਕਮਾਈ ਦਾ ਸਾਧਨ ਮੰਨੇ ਜਾਂਦੇ ਜੋਤੀ ਚੌਕ, ਰੇਲਵੇ ਸਟੇਸ਼ਨ, ਬੱਸ ਅੱਡਾ ਅਤੇ ਮਾਡਲ ਟਾਊਨ ਵਰਗੇ ਗਰੁੱਪਾਂ ਤੋਂ ਠੇਕੇਦਾਰਾਂ ਦਾ ਮੋਹ ਭੰਗ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਇਨ੍ਹਾਂ ਨੂੰ ਰੀਨਿਊ ਨਹੀਂ ਕਰਵਾਇਆ ਗਿਆ। ਵਿਭਾਗ ਵੱਲੋਂ ਨਵੀਂ ਐਕਸਾਈਜ਼ ਪਾਲਿਸੀ ਤਹਿਤ 12 ਫ਼ੀਸਦੀ ਦਾ ਵਾਧਾ ਸਵੀਕਾਰ ਕਰਨ ਵਾਲੇ ਗਰੁੱਪਾਂ ਦੇ ਮਾਲਕਾਂ ਨੂੰ ਰੀਨਿਊ ਕਰਵਾਉਣ ਲਈ ਅੱਜ ਸ਼ਾਮੀਂ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਤਹਿਤ ਜਲੰਧਰ ਦੇ ਤਿੰਨਾਂ ਇਲਾਕਿਆਂ ਤੋਂ 13 ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਰੀਨਿਊ ਫ਼ੀਸ ਦੇ 2 ਕਰੋੜ ਰੁਪਏ ਵਿਭਾਗ ਨੂੰ ਪ੍ਰਾਪਤ ਹੋ ਗਏ ਹਨ, ਜਦਕਿ ਬਾਕੀ ਫ਼ੀਸ ਕਿਸ਼ਤਾਂ ਜ਼ਰੀਏ ਮਿਲੇਗੀ। ਪਹਿਲੀ 6 ਫ਼ੀਸਦੀ ਦੀ ਕਿਸ਼ਤ ਜਮ੍ਹਾ ਕਰਵਾਉਣ ਲਈ ਸ਼ੁੱਕਰਵਾਰ ਤੱਕ ਦਾ ਸਮਾਂ ਹੈ, ਉਥੇ ਹੀ ਜਿਹੜੇ ਠੇਕੇਦਾਰਾਂ ਵੱਲੋਂ ਰੀਨਿਊ ਦੀ ਅਰਜ਼ੀ ਨਹੀਂ ਦਿੱਤੀ ਗਈ, ਉਨ੍ਹਾਂ ਦੇ ਠੇਕਿਆਂ ਵਿਚ ਮਾਲ ਘੱਟ ਹੈ, ਜਿਸ ਕਾਰਨ ਉਹ ਕੰਮ ਪ੍ਰਤੀ ਜ਼ਿਆਦਾ ਰੁਚੀ ਨਹੀਂ ਦਿਖਾ ਰਹੇ ਅਤੇ ਠੇਕੇ ਸਮੇਂ ਤੋਂ ਪਹਿਲਾਂ ਬੰਦ ਹੋ ਰਹੇ ਹਨ।

2 ਲੱਖ ਦੀ ਰਾਸ਼ੀ ਨਾਲ ਈ-ਟੈਂਡਰ ਕਰ ਸਕਣਗੇ ਠੇਕੇਦਾਰ
ਰੀਨਿਊ ਕਰਵਾਉਣ ਤੋਂ ਵਾਂਝੇ ਰਹੇ 277 ਕਰੋੜ ਦੇ 7 ਗਰੁੱਪਾਂ ਦੀ ਹੁਣ ਈ-ਟੈਂਡਰ ਜ਼ਰੀਏ ਨਿਲਾਮੀ ਸ਼ੁਰੂ ਕਰਵਾ ਦਿੱਤੀ ਗਈ ਹੈ। ਇਸ ਦੇ ਲਈ ਠੇਕੇਦਾਰ 2 ਲੱਖ ਦੀ ਰਾਸ਼ੀ ਦਾ ਡਰਾਫਟ ਸਬੰਧਤ ਦਫ਼ਤਰ ਵਿਚ ਜਮ੍ਹਾ ਕਰਵਾਉਣ ਤੋਂ ਬਾਅਦ ਈ-ਟੈਂਡਰ ਵਿਚ ਹਿੱਸਾ ਲੈਣ ਲਈ ਸਮਰੱਥ ਹੋ ਜਾਣਗੇ। ਵਿਭਾਗ ਵੱਲੋਂ ਸ਼ੁੱਕਰਵਾਰ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਟੈਂਡਰ ਖੋਲ੍ਹਣ ਅਤੇ ਦਸਤਾਵੇਜ਼ਾਂ ਦੀ ਚੈਕਿੰਗ ਉਪੰਰਤ ਸਫ਼ਲ ਅਰਜ਼ੀਦਾਤਿਆਂ ਨੂੰ ਗਰੁੱਪ ਅਲਾਟ ਕਰਨ ਦਾ ਪ੍ਰੋਸੈੱਸ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: ਖ਼ੌਫ਼ਨਾਕ ਅੰਜਾਮ ਤੱਕ ਪੁੱਜੀ 6 ਮਹੀਨੇ ਪਹਿਲਾਂ ਕਰਵਾਈ 'ਲਵ ਮੈਰਿਜ', ਦੁਖੀ ਵਿਆਹੁਤਾ ਨੇ ਗਲ਼ ਲਾਈ ਮੌਤ

ਜਾਣਕਾਰੀ ਲੈ ਕੇ ਸਾਵਧਾਨੀ ਨਾਲ ਕਰੋ ਟੈਂਡਰ : ਡਿਪਟੀ ਕਮਿਸ਼ਨਰ ਐਕਸਾਈਜ਼
ਡਿਪਟੀ ਕਮਿਸ਼ਨਰ ਐਕਸਾਈਜ਼ ਪਰਮਜੀਤ ਸਿੰਘ ਨੇ ਕਿਹਾ ਕਿ ਪਿਛਲੀ ਵਾਰ ਈ-ਟੈਂਡਰ ਜ਼ਰੀਏ ਨਿਲਾਮੀ ਵਿਚ ਹਿੱਸਾ ਲੈਣ ਲਈ ਕਈ ਠੇਕੇਦਾਰਾਂ ਵੱਲੋਂ ਗਲਤ ਅਪਲਾਈ ਕੀਤਾ ਗਿਆ ਸੀ। ਜਿਹਡ਼ੇ ਠੇਕੇਦਾਰਾਂ ਨੇ ਅਪਲਾਈ ਕਰਨਾ ਹੈ, ਉਹ ਜਾਣਕਾਰੀ ਲੈ ਕੇ ਸਾਵਧਾਨੀ ਨਾਲ ਕਰਨ। ਬਾਕੀ ਬਚੇ ਜਲੰਧਰ ਦੇ ਗਰੁੱਪਾਂ ਤੋਂ ਠੇਕੇਦਾਰ ਵੱਡਾ ਮੁਨਾਫ਼ਾ ਕਮਾ ਸਕਦੇ ਹਨ।

ਇਹ ਵੀ ਪੜ੍ਹੋ: ਚਾਟ ਖਾਂਦਿਆਂ ਔਰਤ ਨੇ ਪੱਟਿਆ ਮੁੰਡਾ, ਫਿਰ ਅਮਰੀਕਾ ਦੇ ਵਿਖਾਏ ਸੁਫ਼ਨੇ, ਜਦ ਸੱਚ ਆਇਆ ਸਾਹਮਣੇ ਉੱਡੇ ਮੁੰਡੇ ਦੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri