ਪੰਜਾਬ ਕਾਂਗਰਸ ਦੇ ਨਵੇਂ ਜ਼ਿਲਾ ਪ੍ਰਧਾਨਾਂ ਦੀ ਫਾਈਲ ਰਾਹੁਲ ਕੋਲ

06/23/2018 6:30:39 AM

ਜਲੰਧਰ (ਧਵਨ) - ਪੰਜਾਬ ਕਾਂਗਰਸ ਦੇ ਨਵੇਂ ਜ਼ਿਲਾ ਪ੍ਰਧਾਨਾਂ ਦੀ ਫਾਈਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲ ਪਈ ਹੈ। ਪਤਾ ਲੱਗਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਫਾਈਲ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਫਤਰ ਨੂੰ ਮਨਜ਼ੂਰੀ ਲਈ ਭੇਜ ਦਿੱਤੀ ਸੀ ਪਰ ਰਾਹੁਲ ਦੇ ਰੁਝੇਵਿਆਂ ਕਾਰਨ ਇਸ 'ਤੇ ਕਾਂਗਰਸ ਪ੍ਰਧਾਨ ਦੇ ਦਸਤਖਤ ਨਹੀਂ ਹੋ ਸਕੇ। ਹੁਣ ਇਸ ਕੰਮ 'ਚ ਹੋਰ ਦੇਰੀ ਹੋਣ ਦੀਆਂ ਉਮੀਦਾਂ ਨਹੀਂ ਹਨ। ਪਿਛਲੇ ਦਿਨੀਂ ਜਦ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਰਾਹੁਲ ਨਾਲ ਮਿਲੇ ਸਨ ਤਾਂ ਇਸੇ ਵਿਸ਼ੇ 'ਤੇ ਉਨ੍ਹਾਂ ਨੇ ਗੈਰ ਰਸਮੀ ਚਰਚਾ ਵੀ ਕਰ ਲਈ ਸੀ। ਸੂਤਰਾਂ ਨੇ ਦੱਸਿਆ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਹਫਤੇ ਕਿਸੇ ਵੀ ਦਿਨ ਰਾਹੁਲ ਗਾਂਧੀ ਵਲੋਂ ਪੰਜਾਬ ਦੇ ਬਣਨ ਵਾਲੇ ਨਵੇਂ ਜ਼ਿਲਾ ਪ੍ਰਧਾਨਾਂ ਦੀ ਸੂਚੀ 'ਤੇ ਹਸਤਾਖਰ ਕਰ ਦਿੱਤੇ ਜਾਣਗੇ।
ਇਸ ਤੋਂ ਬਾਅਦ ਸੂਚੀ ਕਾਂਗਰਸ ਅਗਵਾਈ ਵਲੋਂ ਰਿਲੀਜ਼ ਕਰ ਦਿੱਤੀ ਜਾਵੇਗੀ। ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਕਾਂਗਰਸ ਅਗਵਾਈ ਵਲੋਂ ਲਏ ਗਏ ਫੈਸਲੇ ਨੂੰ ਦੇਖਦੇ ਹੋਏ ਇਸ ਵਾਰ ਕਿਸੇ ਵੀ ਵਿਧਾਇਕ ਨੂੰ ਜ਼ਿਲਾ ਪ੍ਰਧਾਨ ਦੇ ਅਹੁਦੇ 'ਤੇ ਨਹੀਂ ਬਿਠਾਇਆ ਜਾਵੇਗਾ। ਨਵੀਆਂ ਨਿਯੁਕਤੀਆਂ ਕਰਦੇ ਸਮੇਂ ਇਸ ਗੱਲ ਨੂੰ ਵੀ ਪਾਰਟੀ ਧਿਆਨ 'ਚ ਰੱਖ ਰਹੀ ਹੈ ਕਿ ਜੋ ਕਾਂਗਰਸੀ ਨੇਤਾ ਸੰਕਟ 'ਚ ਪਾਰਟੀ ਨਾਲ ਖੜ੍ਹੇ ਰਹੇ ਹਨ ਉਨ੍ਹਾਂ ਨੂੰ ਅੱਗੇ ਲਿਆਇਆ ਜਾਵੇ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨੀਤੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਵਾਰ ਜ਼ਿਲਾ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਜਾਣਗੇ। ਇਹ ਵੀ ਪਤਾ ਲੱਗਾ ਹੈ ਕਿ ਕਈ ਜ਼ਿਲਿਆਂ 'ਚ ਨਵੇਂ ਤੇ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਵਕਾਲਤ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਅਗਲੇ ਹਫਤੇ ਕਾਂਗਰਸ ਲੀਡਰਸ਼ਿਪ ਵਲੋਂ ਜਾਰੀ ਕੀਤੀ ਜਾਣ ਵਾਲੀ ਸੂਚੀ ਤੋਂ ਬਾਅਦ ਪੰਜਾਬ ਸਰਕਾਰ 'ਚ ਵੀ ਨਵੀਆਂ ਨਿਯੁਕਤੀਆਂ ਹੋਣ ਦੇ ਆਸਾਰ ਹਨ। ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਮਿਸ਼ਨ 2019 ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵਲੋਂ ਨਵੇਂ ਚਿਹਰੇ ਨਾਮਜ਼ਦ ਕੀਤੇ ਜਾਣਗੇ। ਇਸ ਲਈ ਮੌਜੂਦਾ ਜ਼ਿਲਾ ਪ੍ਰਧਾਨ ਦੀ ਥਾਂ 'ਤੇ ਨਵੇਂ ਪ੍ਰਧਾਨ ਆ ਜਾਣਗੇ ਜਿਸ ਤੋਂ ਬਾਅਦ ਪ੍ਰਦੇਸ਼ ਕਾਂਗਰਸ ਦੇ ਨਵੇਂ ਅਧਿਕਾਰੀਆਂ ਦੀਆਂ ਨਿਯੁਕਤੀਆਂ ਅਗਲੇ ਮਹੀਨੇ ਹੋਣ ਦੇ ਆਸਾਰ ਹਨ। ਨਵੇਂ ਅਧਿਕਾਰੀਆਂ ਦੇ ਬਣਨ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਜ਼ਿਲਿਆਂ ਦਾ ਕੰਮਕਾਜ ਅਲਾਟ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਜ਼ਿਲਿਆਂ 'ਚ ਜਾ ਕੇ ਅਮਰਿੰਦਰ ਸਰਕਾਰ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।