6 ਸਾਲ ਬਾਅਦ ਘਰ ''ਚ ਗੂੰਜਣੀਆਂ ਸੀ ਕਿਲਕਾਰੀਆਂ, ਹਸਪਤਾਲ ਦੇ ਕਾਰੇ ਨੇ ਤਬਾਹ ਕੀਤੀਆਂ ਖੁਸ਼ੀਆਂ (ਤਸਵੀਰਾਂ)

04/22/2021 4:10:50 PM

ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਇਕ ਪਰਿਵਾਰ ਦੇ ਘਰ 6 ਸਾਲ ਬਾਅਦ ਕਿਲਕਾਰੀਆਂ ਗੂੰਜਣੀਆਂ ਸਨ ਪਰ ਇਸ ਤੋਂ ਪਹਿਲਾਂ ਹੀ ਮਾਛੀਵਾੜਾ ਸਰਕਾਰੀ ਹਸਪਤਾਲ ਦੇ ਕਾਰੇ ਨੇ ਇਸ ਪਰਿਵਾਰ ਦੀਆਂ ਖੁਸ਼ੀਆਂ ਤਬਾਹ ਕਰ ਛੱਡੀਆਂ। ਹਸਪਤਾਲ ਵਿਚ ਮਾੜੇ ਪ੍ਰਬੰਧਾਂ ਕਾਰਨ ਜਣੇਪੇ ਦੌਰਾਨ ਨਵਜੰਮੇ ਬੱਚੇ ਦੀ ਮੌਤ ਹੋ ਗਈ, ਜਿਸ ਕਾਰਨ ਪਰਿਵਾਰਕ ਮੈਂਬਰਾਂ ਵਿਚ ਸਿਹਤ ਵਿਭਾਗ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਿੰਡ ਸੈਸੋਂਵਾਲ ਕਲਾਂ ਦੇ ਰਮਨਦੀਪ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਪੂਜਾ ਕੁਮਾਰੀ 6 ਸਾਲ ਬਾਅਦ ਗਰਭਵਤੀ ਹੋਈ, ਜਿਸ ਦੇ ਜਣੇਪੇ ਲਈ ਉਸਨੇ ਮਾਛੀਵਾੜਾ ਸਰਕਾਰੀ ਹਸਪਤਾਲ ਵਿਖੇ ਉਸਨੂੰ ਦਾਖ਼ਲ ਕਰਵਾ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ ਰਾਤ 9 ਵਜੇ ਉਸ ਨੂੰ ਦਾਖ਼ਲ ਕਰਵਾਇਆ ਗਿਆ ਅਤੇ 12 ਵਜੇ ਉਸ ਨੂੰ ਦਰਦਾਂ ਸ਼ੁਰੂ ਹੋ ਗਈਆਂ ਪਰ ਉਸ ਸਮੇਂ ਹਸਪਤਾਲ ’ਚ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। 

ਇਹ ਵੀ ਪੜ੍ਹੋ : ਕੈਪਟਨ ਦੇ ਸ਼ਹਿਰ 'ਚ ਵੱਡੀ ਵਾਰਦਾਤ, 3 ਵਕੀਲਾਂ ਦੀ ਮਾਂ ਦਾ ਬੇਰਹਿਮੀ ਨਾਲ ਕਤਲ, ਮੂੰਹ 'ਤੇ ਟੇਪ ਲਾ ਘੁੱਟਿਆ ਸਾਹ


ਕਈ ਘੰਟੇ ਤੜਫਦੀ ਰਹੀ ਗਰਭਵਤੀ ਪਤਨੀ
ਉਸਦੀ ਪਤਨੀ ਪੂਜਾ ਕੁਮਾਰੀ ਨੂੰ ਡਿਊਟੀ ’ਤੇ ਤਾਇਨਾਤ ਸਟਾਫ਼ ਨਰਸ ਅਤੇ ਆਸ਼ਾ ਵਰਕਰ ਲੇਬਰ ਰੂਮ ਵਿਚ ਲੈ ਗਈਆਂ, ਜੋ ਕਿ ਕਈ ਘੰਟੇ ਤੜਫ਼ਦੀ ਰਹੀ ਪਰ ਜਣੇਪੇ ਲਈ ਕੋਈ ਵੀ ਡਾਕਟਰ ਨਾ ਪੁੱਜਾ। ਉਨ੍ਹਾਂ ਦੱਸਿਆ ਕਿ ਅਖ਼ੀਰ ਜਦੋਂ ਜਣੇਪੇ ਦੌਰਾਨ ਬੱਚਾ ਫਸ ਗਿਆ ਤਾਂ ਬਾਹਰੋਂ ਪ੍ਰਾਈਵੇਟ ਡਾਕਟਰ ਬੁਲਾਇਆ ਗਿਆ, ਜਿਸ ਨੇ ਬੱਚੇ ਨੂੰ ਬੜੀ ਮੁਸ਼ਕਿਲ ਨਾਲ ਕੱਢਿਆ ਅਤੇ ਇਸ ਦੌਰਾਨ ਉਸਦੀ ਮੌਤ ਹੋ ਗਈ। ਪਤੀ ਰਮਨਦੀਪ ਸਿੰਘ ਨੇ ਦੱਸਿਆ ਕਿ 6 ਸਾਲ ਬਾਅਦ ਉਨ੍ਹਾਂ ਦੇ ਘਰ ਬੜੀਆਂ ਦੁਆਵਾਂ ਮੰਗਣ ਤੋਂ ਬਾਅਦ ਕਿਲਕਾਰੀਆਂ ਗੂੰਜਣੀਆਂ ਸਨ ਪਰ ਸਰਕਾਰੀ ਹਸਪਤਾਲ ਦੇ ਮਾੜੇ ਪ੍ਰਬੰਧਾਂ ਕਾਰਨ ਉਸ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰੀ ਹਸਪਤਾਲ ’ਚ ਡਾਕਟਰ ਹੀ ਨਹੀਂ ਅਤੇ ਪ੍ਰਬੰਧ ਮੁਕੰਮਲ ਨਹੀਂ ਸੀ ਤਾਂ ਉਹ ਮਰੀਜ਼ ਨੂੰ ਰੈਫ਼ਰ ਕਰ ਦਿੰਦੇ ਅਤੇ ਉਹ ਨਿੱਜੀ ਹਸਪਤਾਲ ਜਾ ਕੇ ਡਲਿਵਰੀ ਕਰਵਾ ਲੈਂਦੇ, ਜਿਸ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਨਾ ਹੁੰਦੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਸਰਕਾਰੀ ਹਸਪਤਾਲਾਂ ’ਚ ਇਲਾਜ ਮੁਫ਼ਤ ਹੈ ਅਤੇ ਸਾਰੀਆਂ ਸਹੂਲਤਾਂ ਹਨ ਪਰ ਦੂਸਰੇ ਪਾਸੇ ਡਾਕਟਰ ਨਾ ਹੋਣ ਕਾਰਨ ਮਰੀਜ਼ਾਂ ਨੂੰ ਇਲਾਜ ਨਹੀਂ ਮਿਲ ਰਿਹਾ ਫਿਰ ਅਜਿਹੇ ਹਸਪਤਾਲ ਖੋਲ੍ਹਣ ਦਾ ਕੀ ਫਾਇਦਾ। ਪਰਿਵਾਰਕ ਮੈਂਬਰਾਂ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸਰਕਾਰੀ ਹਸਪਤਾਲ ਦੇ ਮਾੜੇ ਪ੍ਰਬੰਧਾਂ ਲਈ ਅਤੇ ਉਨ੍ਹਾਂ ਦੇ ਨਵਜੰਮੇ ਬੱਚੇ ਦੀ ਮੌਤ ਲਈ ਜੋ ਜ਼ਿੰਮੇਵਾਰ ਹੈ, ਉਸ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।

ਇਹ ਵੀ ਪੜ੍ਹੋ : ਦਿਓਰ ਦੇ ਪਿਆਰ 'ਚ ਪਈ ਭਰਜਾਈ ਹੱਥੀਂ ਉਜਾੜ ਬੈਠੀ ਆਪਣਾ ਘਰ, ਸੁਹਾਗ ਦੇ ਖੂਨ ਨਾਲ ਰੰਗੇ ਹੱਥ

ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਦੀ ਘਾਟ, ਮੈਂ ਕੀ ਕਰਾਂ : ਐੱਸ. ਐੱਮ. ਓ.

ਮਾਛੀਵਾੜਾ ਸਰਕਾਰੀ ਹਸਪਤਾਲ ’ਚ ਤਾਇਨਾਤ ਐੱਸ. ਐੱਮ. ਓ. ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਇੱਥੇ ਡਿਊਟੀ ਲਈ 6 ਡਾਕਟਰ ਚਾਹੀਦੇ ਹਨ ਪਰ ਇੱਕ ਡਾਕਟਰ ਨਾਲ ਕੰਮ ਚਲਾਇਆ ਜਾ ਰਿਹਾ ਹੈ, ਜਦੋਂ ਕਿ ਦੂਜਾ ਡਾਕਟਰ ਸਮਰਾਲਾ ਤੋਂ ਵਿਸ਼ੇਸ਼ ਤੌਰ ’ਤੇ ਓ. ਪੀ.ਡੀ. ਲਈ ਆਰਜ਼ੀ ਤੌਰ ’ਤੇ ਬੁਲਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਾਅਦ ਦੁਪਹਿਰ 3 ਵਜੇ ਤੋਂ ਸਵੇਰੇ 9 ਵਜੇ ਤੱਕ ਸਰਕਾਰੀ ਹਸਪਤਾਲ ’ਚ ਅਮਰਜੈਂਸੀ ਦੌਰਾਨ ਕੋਈ ਡਾਕਟਰ ਤਾਇਨਾਤ ਨਹੀਂ ਰਹਿੰਦਾ ਅਤੇ ਜੇਕਰ ਬਹੁਤ ਜਿਆਦਾ ਲੋੜ ਹੋਵੇ ਤਾਂ ਕਾਲ ਕਰਕੇ ਬੁਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਨੂੰ ਮਖ਼ੌਲ ਕਰਨ ਵਾਲੇ ਜ਼ਰੂਰ ਦੇਖਣ ਇਹ ਵੀਡੀਓ, ਹੁਣ ਸਿਹਤ ਵਿਭਾਗ ਕਰੇਗਾ ਇਹ ਕੰਮ (ਵੀਡੀਓ)

ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਡਾਕਟਰਾਂ ਦੀ ਘਾਟ ਕਾਰਨ ਮਾਛੀਵਾੜਾ ਹਸਪਤਾਲ ’ਚ ਨਰਸਾਂ ਡਲਿਵਰੀ ਕਰਦੀਆਂ ਹਨ ਪਰ ਬੱਚੇ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਾਕਟਰਾਂ ਦੀ ਘਾਟ ਤੋਂ ਇਲਾਵਾ ਹਸਪਤਾਲ ’ਚ 20 ਦਰਜਾ-4 ਮੁਲਾਜ਼ਮ ਚਾਹੀਦੇ ਹਨ, ਜਦਕਿ ਇੱਥੇ 24 ਘੰਟੇ ਡਿਊਟੀ ਲਈ ਸਿਰਫ 5 ਮੁਲਾਜ਼ਮ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਮਾਛੀਵਾੜਾ ਹਸਪਤਾਲ ’ਚ ਡਾਕਟਰਾਂ ਤੇ ਸਟਾਫ਼ ਦੀ ਘਾਟ ਲਈ ਉਹ ਕਈ ਵਾਰ ਆਪਣੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਸੂਚਿਤ ਕਰ ਚੁੱਕੇ ਹਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Babita

This news is Content Editor Babita