ਬੱਚੀ ਲੈਣ ਤੋਂ ਪਿਤਾ ਨੇ ਕੀਤਾ ਇਨਕਾਰ, ਡੀ. ਐੱਨ. ਏ. ਰਿਪੋਰਟ ''ਚ ਖੁੱਲ੍ਹੀ ਪਤਨੀ ਦੀ ਪੋਲ

09/30/2018 4:45:32 PM

ਹੁਸ਼ਿਆਰਪੁਰ—  ਜਾਦੂ-ਟੋਨੇ ਦੀ ਧਮਕੀ ਦੇ ਕੇ ਬਿਹਾਰ ਦਾ ਰਹਿਣ ਵਾਲਾ ਇਕ ਨੌਜਵਾਨ ਗੁਆਂਢ 'ਚ ਰਹਿਣ ਵਾਲੀ ਮਹਿਲਾ ਨਾਲ ਬਲਾਤਕਾਰ ਕਰਦਾ ਰਿਹਾ। ਮਹਿਲਾ ਨੇ ਗਰਭਵਤੀ ਹੋਣ ਤੋਂ ਬਾਅਦ ਇਕ ਬੱਚੀ ਨੂੰ ਜਨਮ ਦਿੱਤਾ ਪਰ ਉਸ ਦੇ ਪਤੀ ਨੇ ਬੇਟੀ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ  ਡੀ. ਐੱਨ. ਏ. ਟੈਸਟ ਕਰਵਾਇਆ ਗਿਆ ਅਤੇ ਟੈਸਟ ਦੀ ਰਿਪੋਰਟ ਫੇਲ ਹੋਣ ਤੋਂ ਬਾਅਦ ਪੀੜਤਾ ਨੇ ਇਸ ਰਾਜ਼ ਤੋਂ ਪਰਦਾ ਚੁੱਕਿਆ। ਪੁਲਸ ਨੇ ਨੌਜਵਾਨ ਖਿਲਾਫ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਹ ਅਜੇ ਫਰਾਰ ਚੱਲ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਕ ਥਾਣਾ ਦਸੂਹਾ ਦੇ ਤਹਿਤ ਆਉਣ ਵਾਲੇ ਇਕ ਪਿੰਡ 'ਚ ਰਹਿਣ ਵਾਲੀ ਪੀੜਤਾ ਮੂਲ ਰੂਪ ਨਾਲ ਬਿਹਾਰ ਦੀ ਹੈ। ਉਹ ਇਥੇ ਆਪਣੇ ਪਤੀ ਨਾਲ ਕਿਰਾਏ ਦੇ ਕਮਰੇ 'ਚ ਰਹਿੰਦੀ ਹੈ। ਉਸ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਵਾਸੂਦੇਵ ਦਾਸ ਵਾਸੀ ਕੜਈਆ, ਥਾਣਾ ਕਿਸ਼ਨਪੁਰਾ ਜ਼ਿਲਾ ਸੁਪੌਲ ਇਥੇ ਉਸ ਦੇ ਗੁਆਂਢ 'ਚ ਰਹਿੰਦਾ ਹੈ। ਇਕ ਹੀ ਪ੍ਰਦੇਸ਼ ਤੋਂ ਹੋਣ ਕਰਕੇ ਉਸ ਦੀ ਵਾਸੂਦੇਵ ਨਾਲ ਗੱਲਬਾਤ ਸ਼ੁਰੂ ਹੋ ਗਈ। ਵਾਸੂਦੇਵ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਜਾਦੂ-ਟੋਨੇ ਕਰਨ ਦਾ ਮਾਹਰ ਹੈ ਅਤੇ ਜੇਕਰ ਉਸ ਨੇ ਉਸ ਦੇ ਨਾਲ ਸੰਬੰਧ ਨਾ ਬਣਾਏ ਤਾਂ ਉਹ ਉਸ ਦੇ ਪਤੀ ਨੂੰ ਬਰਬਾਦ ਕਰ ਦੇਵੇਗਾ। ਇਸੇ ਡਰ ਤੋਂ ਉਹ ਚੁੱਪ ਰਹੀ। ਇਸ ਤੋਂ ਬਾਅਦ ਬਲਾਤਕਾਰ ਦੀ ਸ਼ਿਕਾਰ ਹੋਣ ਕਰਕੇ ਉਹ ਗਰਭਵਤੀ ਹੋ ਗਈ। ਪੀੜਤਾ ਨੇ ਕੁਝ ਮਹੀਨੇ ਪਹਿਲਾਂ ਹੀ ਬੱਚੀ ਨੂੰ ਜਨਮ ਦਿੱਤਾ ਸੀ। ਪਤੀ ਨੇ ਇਹ ਕਹਿ ਕੇ ਬੱਚੀ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਬੱਚੀ ਉਸ ਦੀ ਨਹੀਂ ਹੈ। ਬੱਚੀ ਦੇ ਪਿਤਾ ਦਾ ਪਤਾ ਲਗਾਉਣ ਲਈ ਡੀ. ਐੱਨ. ਏ. ਟੈਸਟ ਕਰਵਾਇਆ ਗਿਆ ਅਤੇ ਰਿਪੋਰਟ 'ਚ ਬੱਚੀ ਦਾ ਡੀ. ਐੱਨ. ਏ. ਪੀੜਤਾ ਦੇ ਪਤੀ ਨਾਲ ਮੈਚ ਨਾ ਹੋਣ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ। ਫਿਲਹਾਲ ਪੁਲਸ ਦੋਸ਼ੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।