ਜਲੰਧਰ ਦੇ ‘ਚੀਕੂ ਟੀਥ’ ਵਾਲੇ ਨੇਤਾ ਜੀ ਦੀਆਂ ਪੌਂ ਬਾਰਾਂ, ਅਫ਼ਸਰਾਂ ’ਤੇ ਖ਼ੂਬ ਜਮਾ ਰਹੇ ਧੌਂਸ

05/27/2023 1:48:42 PM

ਜਲੰਧਰ (ਪਾਹਵਾ)–ਜਲੰਧਰ ਦੀ ਸਿਆਸਤ ਵਿਚ ਉਂਝ ਤਾਂ ਕਈ ਧੁਰੰਦਰ ਅਤੇ ਮਾਹਿਰ ਆਗੂਆਂ ਦੀ ਕੋਈ ਕਮੀ ਨਹੀਂ ਹੈ। ਸਮੇਂ-ਸਮੇਂ ’ਤੇ ਇਨ੍ਹਾਂ ਆਗੂਆਂ ਨੇ ਜਲੰਧਰ ਦੇ ਵਿਕਾਸ ਅਤੇ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਕੁਝ ਅਜਿਹੇ ਆਗੂ ਵੀ ਹਨ, ਜਿਨ੍ਹਾਂ ਨੇ ਜਲੰਧਰ ਦੀ ਸਿਆਸਤ ਵਿਚ ਕਰਨਾ-ਕਰਾਉਣਾ ਕੁਝ ਨਹੀਂ ਹੈ, ਬਸ ਮੁਫ਼ਤ ਵਿਚ ਪ੍ਰਚਾਰ ਹੀ ਇਨ੍ਹਾਂ ਦਾ ਟਾਨਿਕ ਹੈ। ਆਪਣੀ ਲੋੜ ਅਨੁਸਾਰ ਇਕ ਪਾਰਟੀ ਛੱਡੀ ਅਤੇ ਦੂਜੀ ਵਿਚ ਚਲੇ ਗਏ ਅਤੇ ਦੂਜੀ ਨੂੰ ਛੱਡੀ ਤਾਂ ਤੀਜੀ ਵਿਚ ਚਲੇ ਗਏ।

ਜਲੰਧਰ ਵਿਚ ਇਕ ਅਜਿਹੇ ਹੀ ਨੇਤਾ ਜੀ ਅੱਜਕਲ੍ਹ ਖ਼ੂਬ ਚਰਚਾ ਵਿਚ ਹਨ। ਉਂਝ ਇਨ੍ਹਾਂ ਦੀ ਬਹੁਤ ਵੱਡੀ ਉਪਲੱਬਧੀ ਨਹੀਂ ਹੈ, ਇਸ ਲਈ ਇਨ੍ਹਾਂ ਨੂੰ ਕਥਿਤ ਆਗੂ ਵੀ ਕਿਹਾ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ। ਕਿਸੇ ਖ਼ਾਸ ਕੰਮ ਲਈ ਨਹੀਂ, ਸਗੋਂ ‘ਚੀਕੂ ਟੀਥ’ ਲਈ ਇਹ ਨੇਤਾ ਜੀ ਮਸ਼ਹੂਰ ਹਨ ਅਤੇ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਦੇ ਕੁਝ ਕਰਮ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ ਨੇਤਾ ਜੀ ਦੇ 2 ਦੰਦ ਖਰਗੋਸ਼ ਵਰਗੇ ਹਨ ਤਾਂ ਸ਼ਹਿਰ ਵਿਚ ਇਨ੍ਹਾਂ ਨੂੰ ਪਿਆਰ ਨਾਲ ਚੀਕੂ ਵੀ ਕਿਹਾ ਜਾਂਦਾ ਹੈ। ਵੈਸਟ ਹਲਕੇ ਨਾਲ ਸਬੰਧਤ ਇਹ ਨੇਤਾ ਜੀ ਇਨ੍ਹੀਂ ਦਿਨੀਂ ਆਪਣੇ ਸਿਆਸੀ ਪਾਰਟੀ ਦੇ ਦਮ ’ਤੇ ਸ਼ਹਿਰ ਦੇ ਅਫ਼ਸਰਾਂ ਨੂੰ ਧਮਕਾਉਣ ਵਿਚ ਕੋਈ ਕਮੀ ਨਹੀਂ ਛੱਡ ਰਹੇ। ਕੁਝ ਦਿਨ ਪਹਿਲਾਂ ‘ਚੀਕੂ ਟੀਥ’ ਵਾਲੇ ਇਹ ਆਗੂ ਕਾਂਗਰਸ ਪਾਰਟੀ ਵਿਚ ਸਨ ਪਰ ਇਨ੍ਹਾਂ ਹੁਣ ਆਪਣਾ ਖੇਮਾ ਬਦਲ ਲਿਆ ਹੈ। ਉਹ ਕਹਿੰਦੇ ਹਨ ਨਾ ਕਿ ‘ਚੜ੍ਹਦੇ ਸੂਰਜ ਨੂੰ ਹੋਣ ਸਲਾਮਾਂ’ ਤਾਂ ਨੇਤਾ ਜੀ ਨੇ ਵੀ ਡੁੱਬਦੀ ਅਕਾਲੀ ਦਲ ਦੀ ਬੇੜੀ ਨੂੰ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ - ਮੁੜ ਠੰਡੇ ਬਸਤੇ 'ਚ ਪਈ ਪੰਜਾਬ ਨੂੰ ਲੈ ਕੇ ਭਾਜਪਾ ਦੀ ਇਹ ਯੋਜਨਾ, ਸ਼ੁਰੂ ਹੋਈ ਨਵੀਂ ਚਰਚਾ

ਪਤਾ ਲੱਗਾ ਹੈ ਕਿ ਬਸਤੀਆਂ ਇਲਾਕੇ ਦੇ ਇਹ ਨੇਤਾ ਜੀ ਇਨ੍ਹੀਂ ਦਿਨੀਂ ਸਿੱਧਾ ਗ੍ਰਹਿ ਮੰਤਰੀ ਦੇ ਨਾਂ ’ਤੇ ਸ਼ਹਿਰ ਦੇ ਅਫ਼ਸਰਾਂ ਨੂੰ ਧਮਕਾ ਰਹੇ ਹਨ। ਕਦੀ ਗ੍ਰਹਿ ਮੰਤਰੀ ਦਾ ਦੋਸਤ ਅਤੇ ਕਦੀ ਨਜ਼ਦੀਕੀ ਦੱਸ ਕੇ ਅਫ਼ਸਰਾਂ ’ਤੇ ਖੂਬ ਧੌਂਸ ਜਮਾ ਰਹੇ ਹਨ। ਹਾਲ ਹੀ ਵਿਚ ਇਨ੍ਹਾਂ ਇਕ ਥਾਣੇ ਦੇ ਐੱਸ. ਐੱਚ. ਓ. ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ ਅਤੇ ਉਸ ਦੇ ਤਬਾਦਲੇ ਤੱਕ ਦੀ ਧਮਕੀ ਦੇ ਦਿੱਤੀ, ਜਿਸ ਦੀ ਚਰਚਾ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿਚ ਚੱਲ ਰਹੀ ਹੈ। ਲੋਕ ਤਾਂ ਇਹ ਵੀ ਦੱਸ ਰਹੇ ਹਨ ਕਿ ਨੇਤਾ ਜੀ ਦੀਆਂ ਅੱਜਕਲ੍ਹ ਪੌਂ ਬਾਰਾਂ ਹਨ ਅਤੇ ਇਨ੍ਹੀਂ ਦਿਨੀਂ ਖ਼ੂਬ ਕਮਾਈ ਹੋ ਰਹੀ ਹੈ।

ਇਹ ਵੀ ਪੜ੍ਹੋ - ਜਲੰਧਰ 'ਚ ਸਰਗਰਮ ਹੋਇਆ ਕੱਛਾ ਗਿਰੋਹ, ਦਹਿਸ਼ਤ ’ਚ ਲੋਕ, ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri